ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਫਿਰ ਲੁਧਿਆਣਾ ਦੇ ਜਗਰਾਉਂ ਵਿਚ ਸਾਬਕਾ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਪਿੰਡ ਮਾਣੂਕੇ ਵਿਖੇ ਕੁਝ ਨੌਜਵਾਨਾਂ ਵਿਚ ਹੋਈ ਮਾਮੂਲੀ ਤਕਰਾਰ ਇੰਨੀ ਵਧ ਗਈ ਕਿ ਗੱਲ ਕਤਲ ਤੱਕ ਪੁੱਜ ਗਈ।
ਜਾਣਕਾਰੀ ਅਨੁਸਾਰ 32 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾਣੂੰਕੇ ਦਾ ਹਥਿਆਰਾਂ ਨਾਲ ਲੈਸ ਨੌਜਵਾਨਾਂ ਦੇ ਗੁੱਟ ਨੇ ਦਾਣਾ ਮੰਡੀ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਗਗਨਦੀਪ ਨੂੰ ਉਸ ਦਾ ਭਰਾ ਤੇ ਪਿੰਡ ਵਾਸੀ ਜਗਰਾਉਂ ਸਿਵਲ ਹਸਪਤਾਲ ਲੈ ਕੇ ਪੁੱਜੇ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕੀ ਹੈ ਪੂਰਾ ਮਾਮਲਾ
ਮੌਕੇ ਉਤੇ ਥਾਣਾ ਹਠੂਰ ਦੇ ਮੁਖੀ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ‘ਤੇ ਪੁੱਜੇ, ਜਿੱਥੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਪਿੰਡ ਦੇ ਹੀ ਨੌਜਵਾਨ ਕਬੱਡੀ ਖਿਡਾਰੀ ਨੂੰ ਕਬੱਡੀ ਖੇਡਣ ਤੋਂ ਰੋਕਣ ਵਾਲਿਆਂ ਦਾ ਵਿਰੋਧ ਕਰਦਾ ਸੀ ਤੇ ਆਪਣੇ ਦੋਸਤ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ। ਇਸੇ ਰੰਜਿਸ਼ ਵਿਚ ਅੱਜ ਉਨ੍ਹਾਂ ਦੇ ਪੁੱਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਥਾਣਾ ਮੁਖੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਉਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।