ਖਬਰਿਸਤਾਨ ਨੈੱਟਵਰਕ- ਅਮਰੀਕਾ ਦੇ ਨੌਰਥ ਕੈਰੋਲੀਨਾ ਸੂਬੇ ਦੇ ਸਟੇਟਸਵਿਲ ਰੀਜਨਲ ਏਅਰਪੋਰਟ ‘ਤੇ ਇੱਕ ਵਾਰ ਫਿਰ ਵਿਮਾਨ ਹਾਦਸਾ ਸਾਹਮਣੇ ਆਇਆ ਹੈ। ਛੇ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਬਿਜ਼ਨਸ ਜੈੱਟ ਲੈਂਡਿੰਗ ਦੌਰਾਨ ਕਰੈਸ਼ ਹੋ ਗਿਆ। ਹਾਦਸੇ ਤੋਂ ਬਾਅਦ ਵਿਮਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਮਰਨ ਵਾਲਿਆਂ ਦੀ ਸਹੀ ਗਿਣਤੀ ਅਜੇ ਤੱਕ ਸਾਹਮਣੇ ਨਹੀਂ ਆਈ।
ਇਹ ਏਅਰਪੋਰਟ ਆਮ ਤੌਰ ‘ਤੇ NASCAR ਟੀਮਾਂ ਅਤੇ ਫਾਰਚੂਨ 500 ਕੰਪਨੀਆਂ ਵੱਲੋਂ ਵਰਤਿਆ ਜਾਂਦਾ ਹੈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਮੁਤਾਬਕ, ਇਹ ਸੈਸਨਾ C550 ਵਿਮਾਨ ਸੀ, ਜਿਸ ਵਿੱਚ ਪਾਇਲਟ ਸਮੇਤ ਕੁੱਲ ਸੱਤ ਲੋਕ ਸਵਾਰ ਸਨ। ਵਿਮਾਨ ਸ਼ਾਰਲਟ ਤੋਂ ਲਗਭਗ 45 ਮੀਲ (72 ਕਿਲੋਮੀਟਰ) ਉੱਤਰ ਸਥਿਤ ਸਟੇਟਸਵਿਲ ਏਅਰਪੋਰਟ ‘ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।
ਇਰੇਡੇਲ ਕਾਊਂਟੀ ਦੇ ਸ਼ੈਰਿਫ ਡੈਰਨ ਕੈਂਪਬੇਲ ਨੇ ਹਾਦਸੇ ਵਿੱਚ ਮੌਤਾਂ ਦੀ ਪੁਸ਼ਟੀ ਕੀਤੀ ਹੈ। ਫਲਾਈਟ ਰਿਕਾਰਡ ਮੁਤਾਬਕ, ਵਿਮਾਨ ਨੂੰ ਰਿਟਾਇਰਡ NASCAR ਪਾਇਲਟ ਗ੍ਰੇਗ ਬਿਫਲ ਉਡਾ ਰਹੇ ਸਨ। ਹਾਦਸੇ ਸਮੇਂ ਇਲਾਕੇ ਵਿੱਚ ਹਲਕੀ ਬੂੰਦਾਬਾਂਦੀ ਹੋ ਰਹੀ ਸੀ ਅਤੇ ਆਕਾਸ਼ ਵਿੱਚ ਬੱਦਲ ਛਾਏ ਹੋਏ ਸਨ। ਉਡਾਣ ਤੋਂ ਕੁਝ ਸਮੇਂ ਬਾਅਦ ਹੀ ਵਾਪਸ ਮੁੜਿਆ ਵਿਮਾਨ FlightAware.com ਦੇ ਟ੍ਰੈਕਿੰਗ ਡਾਟਾ ਅਨੁਸਾਰ, ਵਿਮਾਨ ਸਵੇਰੇ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਏਅਰਪੋਰਟ ਤੋਂ ਉਡਿਆ ਸੀ, ਪਰ ਕੁਝ ਹੀ ਸਮੇਂ ਬਾਅਦ ਵਾਪਸ ਮੁੜ ਆਇਆ ਅਤੇ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਕਰੈਸ਼ ਹੋ ਗਿਆ।