ਖਬਰਿਸਤਾਨ ਨੈੱਟਵਰਕ- ਸੰਗਰੂਰ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਿ 16 ਸਾਲਾ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ। ਮਾਮਲਾ ਲਹਿਰਾਗਾਗਾ ਤੋਂ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ
ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਇੱਕ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ 9 ਮਹੀਨੇ ਪੁਰਾਣੇ ਇਸ ਮਾਮਲੇ ਦਾ ਖੁਲਾਸਾ ਹੋਇਆ।
ਜਾਣੋ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਜਬਰ-ਜ਼ਨਾਹ ਕੀਤਾ ਸੀ ਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਦੋਸ਼ ਹੈ ਕਿ ਦੋਵਾਂ ਨੇ ਡਰ ਅਤੇ ਧਮਕੀਆਂ ਦੇ ਜ਼ੋਰ ‘ਤੇ ਲੜਕੀ ਨੂੰ ਮਜਬੂਰ ਕੀਤਾ, ਜਿਸ ਕਾਰਨ ਉਹ ਡਰਦੀ ਹੋਈ ਪਰਿਵਾਰ ਨੂੰ ਵੀ ਇਸ ਬਾਰੇ ਨਹੀਂ ਦੱਸ ਸਕੀ ਪਰ ਜਦੋਂ ਹੁਣ ਲੜਕੀ ਨੂੰ ਢਿੱਡ ਵਿਚ ਦਰਦ ਹੋਈ ਤਾਂ ਇਸ ਗੱਲ ਦਾ ਖੁਲਾਸਾ ਹੋੋਇਆ।
ਫਰਵਰੀ ਦੀ ਹੈ ਘਟਨਾ
ਲਹਿਰਾਗਾਗਾ ਦੇ ਡੀ.ਐੱਸ.ਪੀ. ਦੀਪਇੰਦਰ ਸਿੰਘ ਜੇਜੀ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਹ ਦਰਦਨਾਕ ਘਟਨਾ ਫਰਵਰੀ 2025 ਦੀ ਹੈ। ਪੀੜਤ ਲੜਕੀ ਜਿਸ ਦੀ ਉਮਰ ਉਸ ਸਮੇਂ ਕਰੀਬ 16 ਸਾਲ ਸੀ, ਘਰ ਵਿੱਚ ਇਕੱਲੀ ਸੀ।
ਰਿਪੋਰਟ ਅਨੁਸਾਰ ਕਰੀਬ 21-22 ਸਾਲ ਦੇ ਦੋ ਨੌਜਵਾਨ ਘਰ ਵਿੱਚ ਜ਼ਬਰਦਸਤੀ ਦਾਖਲ ਹੋਏ ਅਤੇ ਲੜਕੀ ਨਾਲ ਜਬਰ-ਜ਼ਨਾਹ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। 11 ਅਕਤੂਬਰ ਨੂੰ ਜਦੋਂ ਪੀੜਤਾ ਦੇ ਢਿੱਡ ਵਿਚ ਦਰਦ ਕਾਰਨ ਸੰਗਰੂਰ ਦੇ ਹਸਪਤਾਲ ਲਿਜਾਇਆ ਗਿਆ, ਤਾਂ ਉੱਥੇ ਉਸ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ, ਜਿਸ ਨਾਲ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ।
ਪੁਲਸ ਕਰ ਰਹੀ ਦੋਸ਼ੀਆਂ ਦੀ ਭਾਲ
ਲਹਿਰਾ ਪੁਲਿਸ ਨੇ ਨਾਬਾਲਗ ਦੇ ਬਿਆਨਾਂ ਦੇ ਆਧਾਰ ‘ਤੇ ਤੁਰੰਤ ਕੇਸ ਦਰਜ ਕਰ ਲਿਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਦੋਸ਼ੀ ਅਜੇ ਫਰਾਰ ਹਨ ਪਰ ਪੁਲਿਸ ਉਨ੍ਹਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।