ਜਲੰਧਰ ‘ਚ ਫਿਲੌਰ ਦੇ ਰੇਲਵੇ ਫਾਟਕ ਨੇੜੇ ਨੂਰਮਹਿਲ ਰੋਡ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 5-6 ਹਥਿਆਰਬੰਦ ਲੁਟੇਰਿਆਂ ਨੇ ਇੱਕ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਇੱਕ ਆਲਟੋ ਕਾਰ ਨੂੰ ਚਾਰੋਂ ਪਾਸਿਓਂ ਘੇਰ ਕੇ ਹਮਲਾ ਕਰ ਦਿੱਤਾ ਅਤੇ ਕਰੀਬ 2 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਹਮਲੇ ਵਿੱਚ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਹੈ।
ਜ਼ਖਮੀ ਨੌਜਵਾਨ ਦੀ ਪਛਾਣ ਅੰਕੁਸ਼ ਵਾਸੀ ਨੂਰਮਹਿਲ ਵਜੋਂ ਹੋਈ ਹੈ। ਅੰਕੁਸ਼ ਮੁਤਾਬਕ ਉਹ ਜਲੰਧਰ ਦੀ ਇੱਕ ਫਾਈਨੈਂਸ ਕੰਪਨੀ ਵਿੱਚ ਕੰਮ ਕਰਦਾ ਹੈ, ਜਿਸਦਾ ਹੈੱਡ ਆਫਿਸ ਮਾਛੀਵਾੜਾ ਵਿੱਚ ਹੈ। ਉਹ ਆਪਣੇ ਸਾਥੀ ਲਵਪ੍ਰੀਤ ਨਾਲ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਸਵਾਰ ਹੋ ਕੇ ਨਵਾਂਸ਼ਹਿਰ ਤੋਂ ਨੂਰਮਹਿਲ ਵੱਲ ਜਾ ਰਿਹਾ ਸੀ। ਕਿਉਂਕਿ ਬੈਂਕ ਬੰਦ ਹੋ ਚੁੱਕੇ ਸਨ, ਇਸ ਲਈ ਉਹ ਪੈਸੇ ਜਮ੍ਹਾਂ ਨਹੀਂ ਕਰਵਾ ਸਕੇ ਸਨ ਅਤੇ ਨਕਦੀ ਆਪਣੇ ਨਾਲ ਹੀ ਲੈ ਕੇ ਜਾ ਰਹੇ ਸਨ।
ਜਿਵੇਂ ਹੀ ਉਹ ਫਿਲੌਰ ਰੇਲਵੇ ਫਾਟਕ ਕੋਲ ਪਹੁੰਚੇ। ਮੋਟਰਸਾਈਕਲ ਸਵਾਰ 5 ਤੋਂ 6 ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਅਤੇ ਤਾਬੜਤੋੜ ਹਮਲਾ ਕਰਕੇ 2 ਲੱਖ ਰੁਪਏ ਵਾਲਾ ਬੈਗ ਖੋਹ ਲਿਆ। ਅੰਕੁਸ਼ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਰ ਪੱਖ ਤੋਂ ਜਾਂਚ ਕਰ ਰਹੇ ਹਨ ਕਿ ਇਹ ਵਾਕਈ ਲੁੱਟ ਦੀ ਵਾਰਦਾਤ ਹੈ ਜਾਂ ਇਸ ਪਿੱਛੇ ਕੋਈ ਆਪਸੀ ਰੰਜਿਸ਼ ਦਾ ਮਾਮਲਾ ਹੈ। ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।