ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੀ ਸ਼ਾਹਕੋਟ ਪੁਲਿਸ ‘ਤੇ ਇੱਕ ਵਿਅਕਤੀ ਖਿਲਾਫ ਝੂਠ ਕੇਸ ਦਰਜ ਕਰਨ ਦਾ ਦੋਸ਼ ਹੈ। ਜਿੱਥੇ ਪੁਲਿਸ ਖ਼ੁਦ ਆਪਣੀ ਪ੍ਰਾਈਵੇਟ ਗੱਡੀ ਦੀ ਡਿੱਗੀ ਵਿੱਚੋਂ ਨੀਲਾ ਡਰੱਮ ਕੱਢ ਕੇ ਇੱਕ ਘਰ ਵਿੱਚ ਰੱਖਦੀ ਦਿਖਾਈ ਦੇ ਰਹੀ ਹੈ ਅਤੇ ਬਾਅਦ ਵਿੱਚ ਉੱਥੋਂ ਸ਼ਰਾਬ ਬਰਾਮਦਗੀ ਦਾ ਦਾਅਵਾ ਕਰ ਦਿੱਤਾ। ਜਿਸ ਦੀ ਇੱਕ ਸੀਸੀਟੀਵੀ (CCTV) ਫੁਟੇਜ ਸਾਹਮਣੇ ਆਈ ਹੈ, ਜੋ ਕਿ ਕੁਝ ਹੋਰ ਹੀ ਕਹਿ ਰਹੀ ਹੈ।
ਦੱਸ ਦੇਈਏ ਕਿ ਪੁਲਿਸ ਨੇ 9 ਅਪ੍ਰੈਲ ਨੂੰ ਸ਼ਾਹਕੋਟ ਥਾਣੇ ਵਿੱਚ FIR ਨੰਬਰ-90 ਦਰਜ ਕੀਤੀ ਸੀ। ਪੁਲਿਸ ਦਾ ਦਾਅਵਾ ਸੀ ਕਿ ਪਿੰਡ ਦੌਲਤਪੁਰ ਢੱਡਾ ਦੇ ਰਹਿਣ ਵਾਲੇ ਅਕਰਮ ਦੇ ਘਰੋਂ ਤੂੜੀ ਵਾਲੇ ਕਮਰੇ ਵਿੱਚੋਂ 35 ਲੀਟਰ ਸ਼ਰਾਬ ਮਿਲੀ ਹੈ। ਪਰ CCTV ਫੁਟੇਜ ਨੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕੀਤੇ ਹਨ।
ਸਾਹਮਣੇ ਆਈ ਸੀਸੀਟੀਵੀ ਫੁੱਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਪਿੰਡ ਦੀ ਗਲੀ ਵਿੱਚ ਇੱਕ ਸਫ਼ੈਦ ਰੰਗ ਦੀ XUV ਆਉਂਦੀ ਹੈ। ਕਰੀਬ 7 ਪੁਲਿਸ ਮੁਲਾਜ਼ਮ, ਜਿਨ੍ਹਾਂ ਵਿੱਚੋਂ 4 ਵਰਦੀ ਵਿੱਚ ਅਤੇ 3 ਸਿਵਲ ਯੂਨੀਫਾਰਮ ਵਿੱਚ ਹੁੰਦੇ ਹਨ,ਇੱਕ ਘਰ ਅੰਦਰ ਦਾਖ਼ਲ ਹੁੰਦੇ ਹਨ। ਫਿਰ ਗੱਡੀ ਦੀ ਡਿੱਗੀ ਖੋਲ੍ਹ ਕੇ ਇੱਕ ਨੀਲਾ ਡਰੱਮ ਬਾਹਰ ਕੱਢਦੇ ਹਨ, ਜਿਸ ਨੂੰ ਦੋ ਲੋਕ ਚੁੱਕ ਕੇ ਘਰ ਦੇ ਅੰਦਰ ਲੈ ਜਾਂਦੇ ਹਨ। ਪੁਲਿਸ ਨੇ ਇਸ ਦੇਸੀ ਸ਼ਰਾਬ ਦੀ ਬਰਾਮਦਗੀ ਦੀ ਬਕਾਇਦਾ ਵੀਡੀਓਗ੍ਰਾਫੀ ਵੀ ਕਰਵਾਈ ਅਤੇ ਡਰੱਮ ਸੀਲ ਕਰਕੇ ਨਾਲ ਲੈ ਗਈ।
ਸੂਤਰਾਂ ਅਨੁਸਾਰ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਘਰ ਵਿੱਚ ਕੋਈ ਨਹੀਂ ਸੀ। ਅਕਰਮ ਇੱਕ ਮਜ਼ਦੂਰ ਅਤੇ ਸਿਆਸੀ ਵਰਕਰ ਹੈ। ਘਟਨਾ ਤੋਂ ਬਾਅਦ ਉਸਦਾ ਪਰਿਵਾਰ ਬੁਰੀ ਤਰ੍ਹਾਂ ਡਰਿਆ ਹੋਇਆ ਹੈ ਅਤੇ ਪੁਲਿਸ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਿਹਾ ਹੈ। ਇਸ ਮਾਮਲੇ ਬਾਰੇ DIG ਨਵੀਨ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਜੇਕਰ CCTV ਫੁਟੇਜ ਵਿੱਚ ਤੱਥ ਸਹੀ ਪਾਏ ਜਾਂਦੇ ਹਨ, ਤਾਂ ਸਬੰਧਤ ਪੁਲਿਸ ਟੀਮ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।