ਜਲੰਧਰ ਵਿੱਚ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਤਿਮ ਅਰਦਾਸ ਮਾਡਲ ਹਾਊਸ ਸਥਿਤ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਕੀਤੀ ਗਈ। ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਕਰਤਾਰ ਚੀਮਾ (ਨੀਲੇ ਕੁੜਤੇ ਵਿੱਚ) ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਗੁਰਦੁਆਰੇ ਗਏ। ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਰਿਵਾਰ ਲਈ ਇਨਸਾਫ਼ ਯਕੀਨੀ ਬਣਾਉਣ ਅਤੇ ਘੁੰਮਣ ਦੀ ਮੌਤ ਦੇ ਹਾਲਾਤਾਂ ਨੂੰ ਸਪੱਸ਼ਟ ਕਰਨ ਲਈ ਇੱਕ ਬੋਰਡ ਜਾਂ ਪੈਨਲ ਬਣਾਉਣਾ ਚਾਹੀਦਾ ਹੈ।
ਘੁੰਮਣ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ 9 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ ਸੀ। ਪਰਿਵਾਰ ਨੇ ਪਹਿਲਾਂ ਇਨਸਾਫ਼ ਦੀ ਮੰਗ ਕਰਦੇ ਹੋਏ ਇੱਕ ਕੈਂਡਲ ਮਾਰਚ ਕੱਢਿਆ ਸੀ, ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਐਲਾਨ ਕੀਤਾ ਕਿ ਵਰਿੰਦਰ ਘੁੰਮਣ ਦੇ ਨਾਮ ‘ਤੇ ਇੱਕ ਪਾਰਕ ਬਣਾਇਆ ਜਾਵੇਗਾ, ਜਿਸਦਾ ਉਦਘਾਟਨ ਅੱਜ ਕੀਤਾ ਜਾਵੇਗਾ।
ਘੁੰਮਣ ਦੀ ਮੌਤ ਤੋਂ ਪਹਿਲਾਂ ਦੀਆਂ ਘਟਨਾਵਾਂ
ਵਰਿੰਦਰ ਘੁੰਮਣ ਜਲੰਧਰ ਦੇ ਮਾਡਲ ਹਾਊਸ ਇਲਾਕੇ ਵਿੱਚ ਆਪਣੇ ਜਿਮ ਵਿੱਚ ਵਰਕਆਉਟ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੇ ਮੋਢੇ ਵਿੱਚ ਇੱਕ ਨਸ ਦਬ ਗਈ। ਹਾਲਤ ਵਿਗੜ ‘ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 6 ਅਕਤੂਬਰ ਨੂੰ ਉਸਦਾ ਐਮਆਰਆਈ ਸਕੈਨ ਕਰਵਾਈ ਗਈ ਅਤੇ ਉਸ ਤੋਂ ਬਾਅਦ, 9 ਅਕਤੂਬਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਸਰਜਰੀ ਦੀ ਕਰਵਾਈ । ਫੋਰਟਿਸ ਹਸਪਤਾਲ ਦੇ ਬਿਆਨ ਅਨੁਸਾਰ ਸਫ਼ਲਤਾਪੁਰਵਕ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਹਾਰਟ ਅਟੈਕ ਆਇਆ । ਉਨ੍ਹਾਂ ਦੀ ਮੌਤ ਹੋ ਗਈ।