ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਸੋਮਵਾਰ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਕਈ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ। ਜਲੰਧਰ ਦੇ ਨਾਮੀ ਸਕੂਲਾਂ ਜਿਵੇਂ ਡੀ.ਪੀ.ਐੱਸ (DPS), ਮੇਅਰ ਵਰਲਡ ਸਕੂਲ ਅਤੇ ਇੱਕ ਹੋਰ ਡੀ.ਪੀ.ਐੱਸ ਸਕੂਲ ਨੂੰ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ। ਇੱਥੇ ਵੀ ਸੈਕਟਰ-41, 32, 47 ਅਤੇ 45 ਵਿੱਚ ਸਥਿਤ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ। ਸਕੂਲਾਂ ਦੇ ਨਾਲ-ਨਾਲ ਫਿਰੋਜ਼ਪੁਰ ਦੇ ਕੋਰਟ ਕੰਪਲੈਕਸ ਨੂੰ ਵੀ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਤੁਰੰਤ ਅਦਾਲਤ ਨੂੰ ਖਾਲੀ ਕਰਵਾਇਆ ਗਿਆ।
ਪੁਲਿਸ ਅਤੇ ਸਾਈਬਰ ਸੈੱਲ ਦੀ ਕਾਰਵਾਈ
ਧਮਕੀ ਮਿਲਣ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੀਆਂ ਟੀਮਾਂ, ਬੰਬ ਸਕੁਐਡ ਅਤੇ ਡੌਗ ਸਕੁਐਡ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਸਕੂਲਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਨੇ ਭੇਜੀ ਹੈ। ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਹੈ। ਹਾਲਾਂਕਿ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਚੀਜ਼ ਬਾਰੇ ਤੁਰੰਤ ਜਾਣਕਾਰੀ ਦੇਣ।