ਖਬਰਿਸਤਾਨ ਨੈੱਟਵਰਕ- ਜਲੰਧਰ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਬੇਖੌਫ਼ ਚੋਰ ਦਿਨ-ਦਿਹਾੜੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਮਕਸੂਦਾਂ ਸਬਜ਼ੀ ਮੰਡੀ ਵਿੱਚ ਸਥਿਤ ਇੱਕ ਦੁਕਾਨ ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਚੋਰ ਦੁਕਾਨ ਦੇ ਗੱਲੇ ਵਿੱਚੋਂ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਿਆ।
CCTV ਵਿਚ ਕੈਦ ਹੋਈ ਚੋਰੀ ਦੀ ਘਟਨਾ
ਚੋਰੀ ਦੀ ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚੋਰ ਕਾਊਂਟਰ ’ਤੇ ਚੜ੍ਹ ਕੇ ਗੱਲਾ ਖੋਲ੍ਹਦਾ ਹੈ ਅਤੇ ਆਰਾਮ ਨਾਲ ਅੰਦਰੋਂ ਪੈਸੇ ਕੱਢ ਲੈਂਦਾ ਹੈ। ਇਸ ਦੌਰਾਨ ਜਿਵੇਂ ਹੀ ਦੁਕਾਨਦਾਰ ਅੰਦਰੋਂ ਬਾਹਰ ਆਉਂਦਾ ਹੈ, ਚੋਰ ਨਕਦੀ ਲੈ ਕੇ ਮੌਕੇ ਤੋਂ ਭੱਜ ਜਾਂਦਾ ਹੈ। ਘਟਨਾ ਸਮੇਂ ਇੱਕ ਬਾਈਕ ਸਵਾਰ ਵੀ ਦੁਕਾਨ ਦੇ ਬਾਹਰ ਆ ਕੇ ਰੁਕਦਾ ਹੈ ਪਰ ਤਦ ਤੱਕ ਚੋਰ ਫ਼ਰਾਰ ਹੋ ਚੁੱਕਾ ਹੁੰਦਾ ਹੈ।
ਪੁਲਸ ਕਰ ਰਹੀ ਜਾਂਚ
ਦੁਕਾਨਦਾਰ ਵੱਲੋਂ ਮਾਮਲੇ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।