ਖਬਰਿਸਤਾਨ ਨੈੱਟਵਰਕ– ਚੰਡੀਗੜ੍ਹ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਏਐਸਆਈ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਕਾਰ ਨਾਲ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਹ ਸਾਰੀ ਘਟਨਾ ਕੰਬਵਾਲਾ ਰੋਡ ‘ਤੇ ਵਾਪਰੀ। ਉਕਤ ਏਐਸਆਈ ਨੇ ਗੱਡੀ ਚਲਾਉਂਦਿਆਂ ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਨੂੰ ਮੁਲਜ਼ਮ ਏਐਸਆਈ ਨੂੰ ਕਾਬੂ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ।
10 ਵਾਹਨਾਂ ਨੂੰ ਮਾਰੀ ਟੱਕਰ
ਰਿਪੋਰਟ ਅਨੁਸਾਰ ਮੁਲਜ਼ਮ ਏਐਸਆਈ ਦਲਜੀਤ ਸਿੰਘ ਸ਼ਰਾਬ ਦੇ ਨਸ਼ੇ ਵਿਚ ਪੂਰੀ ਤਰ੍ਹਾਂ ਨਾਲ ਟੁੱਨ ਸੀ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ, ਜਿਸ ਨੇ ਘੱਟੋ-ਘੱਟ 10 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਥੋੜ੍ਹੀ ਦੂਰੀ ‘ਤੇ ਉਸ ਦੀ ਕਾਰ ਇੱਕ ਸਾਹਮਣਿਓਂ ਆ ਰਹੀ ਸਕੂਲ ਬੱਸ ਨਾਲ ਟਕਰਾ ਗਈ, ਜਿਸ ਕਾਰਨ ਉਸ ਨੂੰ ਮੌਕੇ ‘ਤੇ ਹੀ ਰੁਕਣਾ ਪਿਆ।
ਵੀਡੀਓ ਹੋਈ ਵਾਇਰਲ
ਇਸ ਦੌਰਾਨ ਜਦੋਂ ਟੱਕਰ ਤੋਂ ਬਾਅਦ ਕਾਰ ਰੁਕੀ ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਦੀ ਬਾਰੀ ਖੋਲ੍ਹ ਦਿੱਤੀ ਅਤੇ ਏਐਸਆਈ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬਦਤਮੀਜ਼ੀ ਨਾਲ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਮੌਜੂਦ ਕਈ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ, ਜੋ ਕਿ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭੀੜ ਉਸ ਨੂੰ ਝਿੜਕਦੀ ਹੋਈ ਦਿਖਾਈ ਦੇ ਰਹੀ ਹੈ।
ਵੀਡੀਓ ਵਿੱਚ, ਇੱਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਏਐਸਆਈ ਆਪਣੇ ਪਿੱਛੇ ਘੱਟੋ-ਘੱਟ 20 ਵਾਹਨਾਂ ਨੂੰ ਟੱਕਰ ਮਾਰ ਰਿਹਾ ਸੀ। ਹਾਦਸੇ ਵਿੱਚ, ਏਐਸਆਈ ਦੀ ਕਾਰ ਦੀ ਵਿੰਡਸ਼ੀਲਡ ਟੁੱਟ ਗਈ ਅਤੇ ਉਸਦੇ ਚਿਹਰੇ ‘ਤੇ ਸੱਟਾਂ ਲੱਗੀਆਂ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।