ਖਬਰਿਸਤਾਨ ਨੈੱਟਵਰਕ- ਤਰਨਤਾਰਨ ਜ਼ਿਮਨੀ ਚੋਣ ਨੂੰ ਥੋੜ੍ਹੇ ਦਿਨ ਹੀ ਬਾਕੀ ਹਨ, ਇਸ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ। ਇਸ ਦੌਰਾਨ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਸ਼ਾਮਲ ਸਨ।
ਪ੍ਰਚਾਰ ਦੌਰਾਨ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਹੇ ਹਾਂ। ਸਾਡਾ ਹਰ ਇੱਕ ਫ਼ੈਸਲਾ ਲੋਕਾਂ ਦੀਆਂ ਮੰਗਾਂ ਮੁਤਾਬਕ ਲੋਕ ਪੱਖੀ ਹੁੰਦਾ ਹੈ। ਤਰਨਤਾਰਨ ਹਲਕੇ ਵਿੱਚ ਜਿੰਨੇ ਵੀ ਘਰ ਲਾਲ ਲਕੀਰ ਅਧੀਨ ਆਉਂਦੇ ਨੇ, ਉਹਨਾਂ ਦੀ ਡੀਸੀ ਸਾਹਬ ਤੋਂ ਜਾਂਚ ਕਰਵਾ ਕੇ ਲੋਕਾਂ ਨੂੰ ਮਲਕੀਅਤ ਦੇਣ ਲਈ ਵੱਡਾ ਫ਼ੈਸਲਾ ਲਿਆ ਜਾਵੇਗਾ। ਸਾਡੀ ਸਰਕਾਰ ਵਿੱਚ ਹਰ ਇੱਕ ਫ਼ੈਸਲਾ ਲੋਕਪੱਖੀ ਹੋਵੇਗਾ।
2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਬਾਅਦ ਦੀਆਂ ਜਿਮਨੀ ਚੋਣਾਂ ਵਿੱਚ ‘ਆਪ’ ਦੀਆਂ ਲਗਾਤਾਰ ਜਿੱਤਾਂ ਦਾ ਜ਼ਿਕਰ ਕਰਦੇ ਹੋਏ, ਮਾਨ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਸਾਨੂੰ 2022 ਵਿੱਚ ਇਤਿਹਾਸਕ ਫਤਵਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਹਰ ਜ਼ਿਮਨੀ ਚੋਣ ਵਿੱਚ ਭ੍ਰਿਸ਼ਟ ਪਾਰਟੀਆਂ ਨੂੰ ਸਿਰੇ ਤੋਂ ਨਕਾਰਿਆ ਹੈ। ਤਰਨਤਾਰਨ ਇੱਕ ਵਾਰ ਫਿਰ ਸਾਬਤ ਕਰੇਗਾ ਕਿ ਲੋਕ ‘ਕੰਮ ਦੀ ਰਾਜਨੀਤੀ’ ਚਾਹੁੰਦੇ ਹਨ, ‘ਭ੍ਰਿਸ਼ਟ ਰਾਜਨੀਤੀ’ ਨਹੀਂ।
CM ਮਾਨ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕਰ ਰਹੇ ਹਾਂ। ਆਉਣ ਵਾਲੇ ਬਜਟ ਵਿੱਚ ਪਾਸ ਕਰਕੇ ਸਾਡੀਆਂ ਮਾਵਾਂ-ਭੈਣਾਂ ਨਾਲ ਕੀਤਾ 1000 ਰੁਪਏ ਦਾ ਵਾਅਦਾ ਪੂਰਾ ਕੀਤਾ ਜਾਵੇਗਾ। ਲੋਕਾਂ ਨੂੰ ਸੁੱਖ-ਸਹੂਲਤਾਂ ਦੇਣ ਲਈ ਸਾਡੀ ਸਰਕਾਰ ਵਚਨਬੱਧ ਹੈ। ਲੋਕਾਂ ਸਾਡੇ ਕੀਤੇ ਕੰਮਾਂ ਉਤੇ ਜ਼ਰੂਰ ਮੋਹਰ ਲਾਉਣਗੇ।
ਅਸੀਂ ਪਿੰਡਾਂ ਦੇ ਵਿਕਾਸ ਲਈ ਸੜਕਾਂ, ਸਕੂਲ, ਛੱਪੜਾਂ ਦੀ ਸਫ਼ਾਈ ਅਤੇ ਖੇਡ ਦੇ ਮੈਦਾਨਾਂ ਵੱਲ ਖ਼ਾਸ ਧਿਆਨ ਦੇ ਰਹੇ ਹਾਂ। ਤਰਨਤਾਰਨ ਹਲਕੇ ਦੇ ਪਿੰਡਾਂ ਨੇ ਪਹਿਲਾਂ ਵੀ ਭਰਵਾਂ ਹੁੰਗਾਰਾ ਦਿੱਤਾ ਅਤੇ ਸਾਨੂੰ ਯਕੀਨ ਹੈ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫ਼ਤਵਾ ਸੁਣਾਉਣਗੇ।