ਖ਼ਬਰਿਸਤਾਨ ਨੈੱਟਵਰਕ: ਦਿੱਲੀ ਤੋਂ ਪੱਛਮੀ ਬੰਗਾਲ ਦੇ ਬਾਗਡੋਗਰਾ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਜਹਾਜ਼ ਦੇ ਬਾਥਰੂਮ ਵਿੱਚੋਂ ਇੱਕ ਸ਼ੱਕੀ ਟਿਸ਼ੂ ਪੇਪਰ ਮਿਲਿਆ। ਇਸ ਟਿਸ਼ੂ ਪੇਪਰ ‘ਤੇ ਕਾਲੇ ਪੈੱਨ ਨਾਲ ਲਿਖਿਆ ਸੀ— “ਪਲੇਨ ਵਿੱਚ ਬੰਬ ਹੈ”। ਇਹ ਖ਼ਬਰ ਮਿਲਦਿਆਂ ਹੀ ਯਾਤਰੀਆਂ ਅਤੇ ਕਰੂ ਮੈਂਬਰਾਂ ਦੇ ਹੋਸ਼ ਉੱਡ ਗਏ।
ਬਾਥਰੂਮ ‘ਚ ਨੈਪਕਿਨ ‘ਤੇ ਲਿਖਿਆ ਮਿਲਿਆ ਨੋਟ
ਜਦੋਂ ਜਹਾਜ਼ ਦਿੱਲੀ ਤੋਂ ਉਡਾਨ ਭਰ ਚੁੱਕਾ ਸੀ, ਤਾਂ ਰਸਤੇ ਵਿੱਚ ਇੱਕ ਕਰੂ ਮੈਂਬਰ ਨੂੰ ਬਾਥਰੂਮ ਵਿੱਚ ਨੋਟ ਮਿਲਿਆ। ਉਸਨੇ ਤੁਰੰਤ ਇਸਦੀ ਜਾਣਕਾਰੀ ਪਾਇਲਟ ਨੂੰ ਦਿੱਤੀ। ਪਾਇਲਟ ਨੇ ਬਿਨਾਂ ਦੇਰੀ ਕੀਤੇ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਕੀਤਾ ਅਤੇ ਸਵੇਰੇ ਕਰੀਬ 9:17 ਵਜੇ ਜਹਾਜ਼ ਨੂੰ ਲਖਨਊ ਦੇ ਚੌਧਰੀ ਚਰਨ ਸਿੰਘ ਇੰਟਰਨੈਸ਼ਨਲ ਏਅਰਪੋਰਟ ‘ਤੇ ਸੁਰੱਖਿਅਤ ਉਤਾਰ ਲਿਆ।
ਸੁਰੱਖਿਆ ਜਾਂਚ ਅਤੇ ਯਾਤਰੀਆਂ ਦੀ ਹਾਲਤ
ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਇੱਕ ਸੁਰੱਖਿਅਤ ਕੋਨੇ (ਆਈਸੋਲੇਸ਼ਨ ਬੇਅ) ਵਿੱਚ ਖੜ੍ਹਾ ਕਰ ਦਿੱਤਾ ਗਿਆ। ਜਹਾਜ਼ ਵਿੱਚ 222 ਯਾਤਰੀ, 2 ਪਾਇਲਟ ਅਤੇ 5 ਕਰੂ ਮੈਂਬਰ ਸਵਾਰ ਸਨ। ਏਅਰਪੋਰਟ ‘ਤੇ ਪਹਿਲਾਂ ਤੋਂ ਹੀ ਬੰਬ ਨਿਰੋਧਕ ਦਸਤਾ (BDDS), ਸੀ.ਆਈ.ਐਸ.ਐਫ. (CISF), ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤੈਨਾਤ ਸੀ।
ਕੋਈ ਬੰਬ ਨਹੀਂ ਮਿਲਿਆ
ਸੁਰੱਖਿਆ ਏਜੰਸੀਆਂ ਨੇ ਕਈ ਘੰਟਿਆਂ ਤੱਕ ਜਹਾਜ਼ ਅਤੇ ਯਾਤਰੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਵਿੱਚੋਂ ਕੋਈ ਬੰਬ ਨਹੀਂ ਮਿਲਿਆ । ਹਾਲਾਂਕਿ, ਇਸ ਘਟਨਾ ਕਾਰਨ ਯਾਤਰੀ ਕਾਫੀ ਡਰੇ ਹੋਏ ਸਨ। ਹਾਲਾਂਕਿ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।