ਖਬਰਿਸਤਾਨ ਨੈੱਟਵਰਕ- ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਪੈਰੋਲ ਉਤੇ ਬਾਹਰ ਆਇਆ ਹੈ। ਸਿਰਸਾ ਮੁਖੀ ਅੱਜ 15ਵੀਂ ਵਾਰ ਜੇਲ ਤੋਂ ਬਾਹਰ ਆਇਆ ਹੈ। ਅੱਜ ਸਵੇਰੇ ਲਗਭਗ 11:50 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ ‘ਤੇ ਰਿਹਾਅ ਕੀਤਾ ਗਿਆ ਅਤੇ ਉਹ ਸਿਰਸਾ ਲਈ ਰਵਾਨਾ ਹੋ ਗਿਆ।
40 ਦਿਨਾਂ ਦੀ ਮਿਲੀ ਪੈਰੋਲ
ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ ਅਤੇ ਉਸ ਨੂੰ ਲੈਣ ਇਕ ਡਰਾਈਵਰ, ਹਨੀਪ੍ਰੀਤ ਅਤੇ ਰਾਕੇਸ਼ ਆਇਆ ਸੀ। ਪੈਰੋਲ ਦੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਅੱਜ ਜੇਲ੍ਹ ਤੋਂ ਸਿਰਸਾ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਡੇਰੇ ਦੇ ਦੂਜੇ ਮੁਖੀ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ‘ਤੇ 25 ਜਨਵਰੀ ਨੂੰ ਸਿਰਸਾ ਡੇਰੇ ਵਿਚ ਇਕ ਵੱਡਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ।ਡੇਰਾ ਸਿਰਸਾ ਮੁਖੀ ਜਿਣਸੀ ਸ਼ੋਸ਼ਣ ਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਹੇਠ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਸੀ। ਡੇਰਾ ਮੁਖੀ ਨੂੰ ਹਰਿਆਣਾ ਦੇ ਸਿਰਸਾ ਸਥਿਤ ਡੇਰੇ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ ਹਨ।
15ਵੀਂ ਵਾਰ ਜੇਲੋਂ ਆਇਆ ਬਾਹਰ
ਅਗਸਤ 2017 ਵਿੱਚ ਅਦਾਲਤ ਵੱਲੋਂ 20 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਡੇਰਾ ਮੁਖੀ 15ਵੀਂ ਵਾਰ ਜੇਲ੍ਹ ਵਿੱਚੋਂ ਬਾਹਰ ਆਇਆ। ਇਸ ਦੌਰਾਨ ਉਹ ਚੌਥੀ ਵਾਰ ਡੇਰਾ ਸਿਰਸਾ ਜਾਵੇਗਾ। ਮੀਡੀਆ ਰਿਪੋਰਟ ਮੁਤਾਬਕ ਉਸ ਨੂੰ ਪਹਿਲੀ ਵਾਰ ਅਕਤੂਬਰ 2020 ਵਿੱਚ 21 ਦਿਨ ਦੀ ਪੈਰੋਲ ਮਿਲੀ ਸੀ। ਇਸ ਮਗਰੋਂ ਮਈ 2021 ਵਿੱਚ ਪੈਰੋਲ, ਫਰਵਰੀ 2022 ਵਿੱਚ 21 ਦਿਨ ਦੀ ਫਰਲੋ, ਜੂਨ 2022 ਵਿੱਚ 30 ਦਿਨ ਦੀ ਪੈਰੋਲ ਅਤੇ ਅਕਤੂਬਰ 2022 ਵਿੱਚ 40 ਦਿਨ ਦੀ ਪੈਰੋਲ ਦਿੱਤੀ ਗਈ ਸੀ।
ਇਸ ਤੋਂ ਬਾਅਦ ਸਾਲ 2023 ਵਿੱਚ ਜਨਵਰੀ ਮਹੀਨੇ 40 ਦਿਨ ਦੀ ਪੈਰੋਲ, ਜੁਲਾਈ ਵਿੱਚ 30 ਦਿਨ ਦੀ ਪੈਰੋਲ ਅਤੇ ਨਵੰਬਰ ਵਿੱਚ 21 ਦਿਨ ਦੀ ਫਰਲੋ ਮਿਲੀ। ਸਾਲ 2024 ਵਿੱਚ ਵੀ ਇਹ ਸਿਲਸਿਲਾ ਜਾਰੀ ਰਿਹਾ, ਜਦੋਂ ਜਨਵਰੀ ਵਿੱਚ 40 ਦਿਨ, ਅਗਸਤ ਵਿੱਚ 21 ਦਿਨ ਦੀ ਫਰਲੋ ਅਤੇ ਅਕਤੂਬਰ ਵਿੱਚ 21 ਦਿਨਾਂ ਦੀ ਪੈਰੋਲ ਦਿੱਤੀ ਗਈ। ਸਾਲ 2025 ਵਿੱਚ ਜਨਵਰੀ ਮਹੀਨੇ 30 ਦਿਨ ਦੀ ਪੈਰੋਲ, ਅਪਰੈਲ ਵਿੱਚ 21 ਦਿਨਾਂ ਦੀ ਫਰਲੋ ਅਤੇ ਅਗਸਤ ਵਿੱਚ 40 ਦਿਨਾਂ ਦੀ ਪੈਰੋਲ ਮਿਲੀ ਸੀ।