ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਰਾਜ ਨਗਰ ਵਿਚ ਅੱਜ ਫੜੇ ਗਏ ਭਾਰੀ ਮਾਤਰਾ ਵਿਚ ਚਾਈਨਾ ਡੋਰ ਦੇ ਗੱਟੂਆਂ ਨੂੰ ਲੈ ਕੇ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਮੁਤਾਬਕ ਕਵਾਰਟਰ ਵਿਚੋਂ 50 ਪੇਟੀਆਂ ਗੱਟੂ ਦੀਆਂ ਬਰਾਮਦ ਹੋਈਆਂ ਹਨ, ਜਿਸ ਵਿਚ 40 ਤੋਂ 50 ਗੱਟੂ ਇਕ ਪੇਟੀ ਵਿਚ ਹਨ। ਗੱਟੂ ਸਟੋਰੇਜ ਕਰਨ ਵਾਲੇ ਮੁਲਜ਼ਮ ਦਾ ਨਾਂ ਰੋਮੀ ਜੋਸ਼ੀ ਦੱਸਿਆ ਜਾ ਰਿਹਾ ਹੈ। ਬੰਦ ਪਏ ਕਵਾਰਟਰ ਨੂੰ ਅਦਾਲਤ ਦੇ ਹੁਕਮ ਪ੍ਰਾਪਤ ਕਰਨ ਤੋਂ ਬਾਅਦ ਖੋਲ੍ਹਿਆ ਗਿਆ।
ਮੌਕੇ ਉਤੇ ਪੁੱਜੇ ਏਸੀਪੀ ਆਤਿਸ਼ ਭਾਟੀਆ
ਕਵਾਰਟਰ ਦੇ ਦੋ ਕਮਰਿਆਂ ਵਿੱਚੋਂ ਡੋਰ ਨਾਲ ਭਰੀਆਂ ਪੇਟੀਆਂ ਮਿਲੀਆਂ। ਏਸੀਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਗੱਟੂ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਕਵਾਰਟਰ ਦੇ ਮਾਲਕ ਦੀ ਜਾਂਚ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਦੇਰ ਰਾਤ ਪੁਲਿਸ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਏਸੀਪੀ ਨੇ ਕਿਹਾ ਕਿ ਇਹ ਚਾਈਨਾ ਡੋਰ ਘਰ ਦੇ ਦੋ ਕਮਰਿਆਂ ਵਿੱਚੋਂ ਬਰਾਮਦ ਹੋਈ ਹੈ। ਏਸੀਪੀ ਨੇ ਦੱਸਿਆ ਕਿ ਰੋਮੀ ਜੋਸ਼ੀ ਨਾਂ ਦੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਰੋਮੀ ਜੋਸ਼ੀ ਅਜੇ ਵੀ ਫਰਾਰ ਹੈ, ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਘਰ ਦਾ ਮਾਲਕ ਸਤਪਾਲ ਵੀ ਇਸ ਸਮੇਂ ਇੱਥੇ ਮੌਜੂਦ ਨਹੀਂ ਹੈ। ਕੁਆਰਟਰ ਵਿੱਚ ਰਹਿਣ ਵਾਲੀ ਔਰਤ ਨੇ ਕਿਹਾ ਕਿ ਇਹ ਸਤਪਾਲ ਨਾਮਕ ਵਿਅਕਤੀ ਦਾ ਘਰ ਹੈ। ਉਸਨੇ ਕਿਹਾ ਕਿ ਜਦੋਂ ਤੋਂ ਉਹ ਘਰੋਂ ਗਈ ਹੈ, ਦੋਵੇਂ ਕਮਰੇ ਬੰਦ ਹਨ। ਔਰਤ ਦਾ ਕਹਿਣਾ ਹੈ ਕਿ ਉਸਨੂੰ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ।