ਖਬਰਿਸਤਾਨ ਨੈੱਟਵਰਕ- ਡੰਕੀ ਰੂਟ ਰਾਹੀਂ ਨੌਜਵਾਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਜਲੰਧਰ ਵਿੱਚ Richie Travel Agency ਸਮੇਤ ਹਰਿਆਣਾ ਅਤੇ ਦਿੱਲੀ ‘ਚ ਇਕੱਠੇ 13 ਵਪਾਰਕ ਅਤੇ ਰਹਾਇਸ਼ੀ ਥਾਵਾਂ ‘ਤੇ ਛਾਪੇ ਮਾਰੇ। ਇਸ ਦੌਰਾਨ ED ਨੇ ਭਾਰੀ ਮਾਤਰਾ ‘ਚ ਨਕਦ ਰਕਮ ਅਤੇ ਕੀਮਤੀ ਧਾਤਾਂ ਬਰਾਮਦ ਕੀਤੀਆਂ ਹਨ।
ਕਰੋੜਾਂ ਦੀ ਨਕਦੀ ਤੇ ਸੋਨੇ ਦੇ ਬਿਸਕੁਟ ਬਰਾਮਦ
ਇਹ ਕਾਰਵਾਈ ਮਨੀ ਲਾਂਡਰਿੰਗ ਦੀ ਜਾਂਚ ਅਧੀਨ ਕੀਤੀ ਗਈ ਹੈ, ਜੋ ਫਰਵਰੀ 2025 ਵਿੱਚ ਅਮਰੀਕਾ ਵੱਲੋਂ 330 ਭਾਰਤੀ ਨਾਗਰਿਕਾਂ ਦੀ ਡਿਪੋਰਟੇਸ਼ਨ ਨਾਲ ਜੁੜੀ ਹੋਈ ਹੈ। ਛਾਪੇਮਾਰੀ ਦੌਰਾਨ ਦਿੱਲੀ ਸਥਿਤ ਇੱਕ ਟਰੈਵਲ ਏਜੰਟ ਦੇ ਠਿਕਾਣੇ ਤੋਂ ED ਨੂੰ 4.62 ਕਰੋੜ ਰੁਪਏ ਨਕਦ, 313 ਕਿਲੋ ਚਾਂਦੀ ਅਤੇ 6 ਕਿਲੋ ਸੋਨੇ ਦੇ ਬਿਸਕਿਟ ਬਰਾਮਦ ਹੋਏ ਹਨ। ਇਨ੍ਹਾਂ ਦੀ ਕੁੱਲ ਅੰਦਾਜ਼ਨ ਕੀਮਤ 19.13 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਂਚ ਦੌਰਾਨ ED ਨੂੰ ਮੋਬਾਈਲ ਚੈਟਾਂ ਅਤੇ ਡਿਜ਼ੀਟਲ ਸਬੂਤ ਵੀ ਮਿਲੇ ਹਨ, ਜਿਨ੍ਹਾਂ ‘ਚ ਡੰਕੀ ਰੂਟ ਨੈੱਟਵਰਕ ਦੇ ਹੋਰ ਮੈਂਬਰਾਂ ਨਾਲ ਟਿਕਟਾਂ, ਰੂਟਾਂ ਅਤੇ ਪੈਸਿਆਂ ਦੀ ਲੈਣ-ਦੇਣ ਬਾਰੇ ਗੱਲਬਾਤ ਦਰਜ ਹੈ।
ਅਮਰੀਕਾ ਭੇਜਣ ਲਈ ਪ੍ਰਾਪਰਟੀ ਜਾਂ ਜ਼ਮੀਨ ਦੇ ਕਾਗਜ਼ ਗਿਰਵੀ ਰੱਖਵਾਏ ਜਾਂਦੇ ਸਨ
ਮਿਲੀ ਜਾਣਕਾਰੀ ਮੁਤਾਬਕ, ਹਰਿਆਣਾ ਦੇ ਇੱਕ ਪ੍ਰਮੁੱਖ ਪਲੇਅਰ ਦੇ ਠਿਕਾਣੇ ਤੋਂ ਅਜਿਹੇ ਰਿਕਾਰਡ ਵੀ ਮਿਲੇ ਹਨ, ਜਿਨ੍ਹਾਂ ਨਾਲ ਪਤਾ ਲੱਗਦਾ ਹੈ ਕਿ ਉਹ ਲੋਕਾਂ ਨੂੰ ਮੈਕਸੀਕੋ ਰਾਹੀਂ ਅਮਰੀਕਾ ਭੇਜਣ ਲਈ ਉਨ੍ਹਾਂ ਦੀ ਪ੍ਰਾਪਰਟੀ ਜਾਂ ਜ਼ਮੀਨ ਦੇ ਕਾਗਜ਼ ਗਿਰਵੀ ਰੱਖਵਾਂਦਾ ਸੀ, ਤਾਂ ਜੋ ਰਕਮ ਸੁਰੱਖਿਅਤ ਰਹੇ ਅਤੇ ਕੋਈ ਭੱਜ ਨਾ ਸਕੇ।
ਜਲੰਧਰ ਰਿਚੀ ਟਰੈਵਲਰ ਦੇ ਦਫਤਰ ਤੇ ਘਰ ਵੀ ਹੋ ਚੁੱਕੀ ਰੇਡ
ਇਸ ਤੋਂ ਇਲਾਵਾ, ਹੋਰ ਥਾਵਾਂ ਤੋਂ ਮੋਬਾਈਲ ਫੋਨ, ਦਸਤਾਵੇਜ਼ ਅਤੇ ਹੋਰ ਸ਼ੱਕੀ ਸਮਾਨ ਬਰਾਮਦ ਕੀਤਾ ਗਿਆ ਹੈ, ਜੋ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਨ ‘ਚ ਮਦਦਗਾਰ ਸਾਬਤ ਹੋ ਸਕਦਾ ਹੈ। ED ਹੁਣ ਸਾਰੇ ਡਿਜ਼ੀਟਲ ਡਾਟਾ ਅਤੇ ਦਸਤਾਵੇਜ਼ਾਂ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ। ਇਹ ਜਾਂਚ ਪੰਜਾਬ ਅਤੇ ਹਰਿਆਣਾ ਪੁਲਿਸ ਵੱਲੋਂ ਦਰਜ ਕੀਤੀਆਂ ਐਫਆਈਆਰਾਂ ਦੇ ਆਧਾਰ ‘ਤੇ ਚੱਲ ਰਹੀ ਹੈ, ਜਿਨ੍ਹਾਂ ‘ਚ ਟਰੈਵਲ ਏਜੰਟਾਂ, ਬਿਚੌਲੀਆਂ ਅਤੇ ਹਵਾਲਾ ਆਪਰੇਟਰਾਂ ਦਾ ਜਾਲ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ED ਦੀ ਟੀਮ ਨੇ ਜਲੰਧਰ ਬੱਸ ਸਟੈਂਡ ਦੇ ਨੇੜੇ ਸਥਿਤ Richie Travel Agency ਦੇ ਦਫ਼ਤਰ ਅਤੇ ਜਸਵੰਤ ਨਗਰ ‘ਚ ਏਜੰਸੀ ਮਾਲਕ ਦੇ ਰਹਾਇਸ਼ੀ ਘਰ ‘ਤੇ ਇਕੱਠੇ ਛਾਪੇ ਮਾਰੇ ਸਨ। ਇਹ ਕਾਰਵਾਈ ਉਸ ਨੈੱਟਵਰਕ ਖ਼ਿਲਾਫ਼ ਕੀਤੀ ਜਾ ਰਹੀ ਹੈ, ਜਿਸ ਦਾ ਨਾਮ ਹਾਲ ਹੀ ‘ਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਮਾਮਲਿਆਂ ‘ਚ ਸਾਹਮਣੇ ਆਇਆ ਸੀ।