ਖ਼ਬਰਿਸਤਾਨ ਨੈੱਟਵਰਕ: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਭਾਰੀ ਸੁਰੱਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਬਟਾਲਾ ਪੁਲਿਸ ਨੂੰ ਉਸ ਦਾ ਤਿੰਨ ਦਿਨ ਦਾ ਰਿਮਾਂਡ ਮਿਲ ਗਿਆ ਹੈ। ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ਨੂੰ ਦੇਰ ਰਾਤ ਆਸਾਮ ਜੇਲ੍ਹ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਉਸ ਨੂੰ ਲੈ ਕੇ ਬਟਾਲਾ ਲਈ ਰਵਾਨਾ ਹੋ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਜੱਗੂ ਨੂੰ ਉਸਦੀ ਮਾਂ ਹਰਜੀਤ ਕੌਰ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਪੁੱਛਗਿੱਛ ਲਈ ਅੰਮ੍ਰਿਤਸਰ ਅਤੇ ਬਟਾਲਾ ਲਿਆਂਦਾ ਗਿਆ ਹੈ।ਇਸ ਦੌਰਾਨ, ਜੱਗੂ ਭਗਵਾਨਪੁਰੀਆ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਡਰ ਜ਼ਾਹਰ ਕੀਤਾ ਹੈ ਕਿ ਪੁਲਿਸ ਉਸਨੂੰ ਫੇਕ ਐਨਕਾਊਂਟਰ ਵਿੱਚ ਮਾਰ ਸਕਦੀ ਹੈ ਜਾਂ ਵਿਰੋਧੀ ਗੈਂਗਸਟਰ ਉਸ ‘ਤੇ ਹਮਲਾ ਕਰ ਸਕਦੇ ਹਨ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਉਸਨੂੰ ਹਿਰਾਸਤ ਦੌਰਾਨ ਹੱਥਕੜੀਆਂ ਲਗਾਈਆਂ ਜਾਣ ਅਤੇ ਬੇੜੀਆਂ ਪਾਈਆਂ ਜਾਣ, ਸੀਸੀਟੀਵੀ-ਨਿਗਰਾਨੀ ਵਾਲੇ ਖੇਤਰ ਵਿੱਚ ਰੱਖਿਆ ਜਾਵੇ, ਅਤੇ ਸੁਰੱਖਿਆ ਕਮੀਆਂ ਤੋਂ ਬਚਣ ਲਈ ਉਸ ਦੀਆਂ ਸਾਰੀਆਂ ਗਤੀਵਿਧੀਆਂ ਦੀ ਵੀਡੀਓ ਬਣਾਈ ਜਾਵੇ।
ਭਗਵਾਨਪੁਰੀਆ ਨੇ ਕਿਹਾ ਕਿ ਉਸਨੂੰ ਵਿਰੋਧੀ ਗੈਂਗਸਟਰਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸਦੀ ਮਾਂ ਦੀ 26 ਜੂਨ, 2025 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜੋ ਕਿ ਉਸਦੇ ਵਿਰੁੱਧ ਸਾਜ਼ਿਸ਼ ਦਾ ਮਹੱਤਵਪੂਰਨ ਸਬੂਤ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਅਤੇ ਸਬੰਧਤ ਏਜੰਸੀਆਂ ਤੋਂ ਸਟੇਟਸ ਰਿਪੋਰਟ ਮੰਗੀ ਹੈ। ਜੱਗੂ ਦੀ ਮਾਂ ਦਾ ਕੁਝ ਮਹੀਨੇ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਜੱਗੂ ਦੀ ਇਹ ਪਹਿਲੀ ਪੰਜਾਬ ਫੇਰੀ ਹੈ।