ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਮੁਤਾਬਕ ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਸਾਹਮਣੇ ਅੱਜ ਕਾਰ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਈ। ਇਸ ਤੋਂ ਬਾਅਦ ਇੱਕ ਧਿਰ (ਕਾਰ ਵਿਕਰੇਤਾ) ਵੱਲੋਂ ਦੂਸਰੀ ਧਿਰ ਉਤੇ ਗੋਲੀ ਚਲਾ ਦਿੱਤੀ ਗਈ। ਗਨੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਕੀ ਹੈ ਪੂਰਾ ਮਾਮਲਾ
ਇਸ ਸਬੰਧੀ ਕਾਰ ਖਰੀਦਦਾਰ ਮੇਜਰ ਸਿੰਘ ਡੂਮਛੇੜੀ ਦੇ ਸਾਥੀ ਇਕਬਾਲ ਸਿੰਘ ਡੂਮਛੇੜੀ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਢੋਲਣ ਮਾਜਰਾ ਦੇ ਇੱਕ ਵਿਅਕਤੀ ਵੱਲੋਂ ਗੱਡੀ ਦੀ ਕਾਗਜਾਂ ਸੰਬੰਧੀ ਚੰਨੀ ਦੀ ਕੋਠੀ ਦੇ ਅੱਗੇ ਬੁਲਾਇਆ ਗਿਆ ਸੀ ਪਰ ਉਹਨਾਂ ਵਿੱਚ ਬਹਿਸ ਹੋ ਜਾਣ ਕਾਰਨ ਉਕਤ ਵਿਅਕਤੀ ਨੇ ਪਿੰਡ ਬਡਵਾਲਾ ਦੇ ਕੁਲਵਿੰਦਰ ਸਿੰਘ ਕਾਲੀ ਉੱਤੇ ਗੋਲੀ ਚਲਾ ਦਿੱਤੀ ਪਰ ਉਸਦਾ ਬਚਾਅ ਰਿਹਾ। ਇਸ ਦੌਰਾਨ ਇਕਬਾਲ ਸਿੰਘ ਡੂਮਛੇੜੀ ਅਤੇ ਹੋਰਨਾਂ ਨੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।