ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਇਕ ਨੌਜਵਾਨ ਦੀ ਇੰਗਲੈਂਡ ਵਿਚ ਮੌਤ ਹੋਣ ਦੀ ਮੰਦਭਾਗੀ ਖਬਰ ਮਿਲੀ ਹੈ। ਉਕਤ ਨੌਜਵਾਨ 18 ਸਾਲ ਪਹਿਲਾਂ ਇੰਗਲੈਂਡ ਗਿਆ ਸੀ, ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟਾਹਲੀ ਦਾ ਵਸਨੀਕ ਸੀ। ਇਸ ਖਬਰ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਛਾ ਗਿਆ।
2 ਧੀਆਂ ਤੇ 1 ਪੁੱਤਰ ਦਾ ਪਿਤਾ ਸੀ ਮ੍ਰਿਤਕ
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਬਲਾਕ ਅਧੀਨ ਪੈਂਦੇ ਪਿੰਡ ਟਾਹਲੀ ਦੇ ਰਵਿੰਦਰ ਸਿੰਘ (36) ਵਜੋਂ ਹੋਈ ਹੈ, ਜੋ ਇੰਗਲੈਂਡ ਦੇ ਗ੍ਰੇਵਜੈਂਟ ਸ਼ਹਿਰ ਵਿੱਚ ਆਪਣੀ ਪਤਨੀ ਅਤੇ ਤਿੰਨ ਬੱਚਿਆਂ (ਦੋ ਧੀਆਂ ਅਤੇ ਇੱਕ ਪੁੱਤਰ) ਸਮੇਤ ਰਹਿ ਰਿਹਾ ਸੀ।
10 ਦਸੰਬਰ ਨੂੰ ਆਉਣਾ ਸੀ ਪੰਜਾਬ
ਮ੍ਰਿਤਕ ਦੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਹਾਲ ਹੀ ਵਿੱਚ ਪੁੱਤਰ ਦਾ ਜਨਮ ਹੋਇਆ ਸੀ, ਜਿਸ ਦੀ ਖੁਸ਼ੀ ਮਨਾਉਣ ਲਈ ਰਵਿੰਦਰ ਸਿੰਘ ਪਰਿਵਾਰ ਸਮੇਤ ਪੰਜਾਬ ਆਉਣ ਵਾਲਾ ਸੀ। ਜਿਸ ਲਈ 10 ਦਸੰਬਰ ਦੀਆਂ ਟਿਕਟਾਂ ਵੀ ਬੁੱਕ ਸਨ ਪਰ ਪੰਜਾਬ ਆਉਣ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ। ਕਿਹਾ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਰਾਤ ਸੁੱਤਾ ਸੀ ਪਰ ਸਵੇਰੇ ਉਹ ਉਠਿਆ ਹੀ ਨਹੀਂ।