ਭਾਰਤੀ ਨਾਗਰਿਕਾਂ ਅਤੇ ਵਿਦੇਸ਼ ਯਾਤਰਾ ਦੇ ਸ਼ੌਕੀਨਾਂ ਲਈ ਬਹੁਤ ਹੀ ਖਾਸ ਖਬਰ ਸਾਹਮਣੇ ਆਈ ਹੈ। ਸਾਲ 2026 ਦੇ ਤਾਜ਼ਾ ਹੈਨਲੀ ਪਾਸਪੋਰਟ ਇੰਡੈਕਸ ਅਨੁਸਾਰ, ਭਾਰਤੀ ਪਾਸਪੋਰਟ ਦੀ ਤਾਕਤ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਭਾਰਤ ਪਿਛਲੇ ਸਾਲ ਦੇ 85ਵੇਂ ਸਥਾਨ ਤੋਂ ਹੁਣ 80ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਜਿਸ ਕਾਰਣ ਇੰਡੀਅਨ ਪਾਸਪੋਰਟ ਹੋਰ ਵੀ ਮਜਬੂਤ ਹੋ ਗਿਆ ਹੈ। ਇਹ ਮਜ਼ਬੂਤੀ ਭਾਰਤੀ ਨਾਗਰਿਕਾਂ ਲਈ ਵਿਦੇਸ਼ ਯਾਤਰਾ ਹੋਰ ਆਸਾਨ ਬਣਾਉਂਦੀ ਹੈ।
ਇਸ ਸਾਲ ਦੀ ਸੂਚੀ ਵਿੱਚ ਸਿੰਗਾਪੁਰ ਦੁਨੀਆ ਦੇ ਸਭ ਤੋਂ ਮਜ਼ਬੂਤ ਪਾਸਪੋਰਟ ਵਜੋਂ ਪਹਿਲੇ ਨੰਬਰ ‘ਤੇ ਬਰਕਰਾਰ ਹੈ। ਦੂਜੇ ਸਥਾਨ ‘ਤੇ ਜਪਾਨ ਅਤੇ ਦੱਖਣੀ ਕੋਰੀਆ ਹਨ। ਹੈਨਲੀ ਪਾਸਪੋਰਟ ਇੰਡੈਕਸ ਵਿੱਚ ਸਿੰਗਾਪੁਰ ਦਾ ਪਾਸਪੋਰਟ ਪਹਿਲੇ ਨੰਬਰ ‘ਤੇ ਹੈ, ਉਸਦੇ ਨਾਗਰਿਕ 192 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾ ਸਕਦੇ ਹਨ। ਭਾਰਤ (55 ਦੇਸ਼) ਅਜੇ ਵੀ ਪੱਛਮੀ ਦੇਸ਼ਾਂ ਤੋਂ ਕਾਫੀ ਪਿੱਛੇ ਹੈ, ਪਰ 80ਵੇਂ ਸਥਾਨ ‘ਤੇ ਆਉਣਾ ਇੱਕ ਚੰਗੀ ਪਹਿਲ ਹੈ।
ਦੂਜੇ ਪਾਸੇ, ਪਾਕਿਸਤਾਨੀ ਪਾਸਪੋਰਟ ਦੁਨੀਆ ਦੇ ਪੰਜਵੇਂ ਸਭ ਤੋਂ ਕਮਜ਼ੋਰ ਪਾਸਪੋਰਟ ਵਜੋਂ ਦਰਜ ਕੀਤਾ ਗਿਆ ਹੈ, ਜਦਕਿ ਬੰਗਲਾਦੇਸ਼ ਦਾ ਪਾਸਪੋਰਟ ਅੱਠਵੇਂ ਸਭ ਤੋਂ ਕਮਜ਼ੋਰ ਸਥਾਨ ‘ਤੇ ਹੈ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ਲਈ ਵੱਧ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤੀ ਪਾਸਪੋਰਟ ਦਾ ਮਜ਼ਬੂਤ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀਆਂ ਲਈ ਯੂਰਪ ਜਾਂ ਅਮਰੀਕਾ ਵਰਗੇ ਦੇਸ਼ਾਂ ਦੇ ਵੀਜ਼ਾ ਨਿਯਮਾਂ ਵਿੱਚ ਵੀ ਨਰਮੀ ਆ ਸਕਦੀ ਹੈ।



