ਖ਼ਬਰਿਸਤਾਨ ਨੈੱਟਵਰਕ:ਜਲੰਧਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਦੇਰ ਰਾਤ ਦੋ ਧਿਰਾਂ ਵਿਚਾਲੇ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਲੈ ਲਿਆ। ਦੋਵਾਂ ਪੱਖਾਂ ਵਿੱਚ ਹੋਈ ਤਕਰਾਰ ਇੰਨੀ ਵਧ ਗਈ ਕਿ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਇੱਕ ਪੱਖ ਨੇ ਦੂਜੇ ਉੱਤੇ ਇੱਟਾਂ-ਰੋੜੇ ਨਾਲ ਹਮਲਾ ਕਰ ਦਿੱਤਾ।
ਸਾਥੀਆਂ ਨਾਲ ਮਿਲ ਵਰਸਾਏ ਇੱਟਾਂ-ਰੋੜੇ
ਚਸ਼ਮਦੀਦਾਂ ਮੁਤਾਬਕ ਰਾਤ ਸਮੇਂ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਸੀ, ਜੋ ਜਲਦ ਹੀ ਹੱਥੋਪਾਈ ‘ਚ ਬਦਲ ਗਈ। ਪੀੜਤ ਪੱਖ ਦੀ ਇੱਕ ਲੜਕੀ ਨੇ ਦੋਸ਼ ਲਾਇਆ ਕਿ ਰਾਜੂ, ਭਾਲੂ ਅਤੇ ਉਨ੍ਹਾਂ ਦੇ 5-6 ਸਾਥੀਆਂ ਨੇ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਇੱਟਾਂ ਵਸਾਈਆਂ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਧਿਰ ਦਾ ਇੱਕ ਨੌਜਵਾਨ ਕਾਫੀ ਦੇਰ ਤੱਕ ਗਾਲੀ-ਗਲੋਚ ਕਰਦਾ ਰਿਹਾ ਅਤੇ ਖੁਦ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦਾ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਧਮਕਾਉਂਦਾ ਰਿਹਾ।
ਨਸ਼ਾ ਤਸਕਰੀ ਦੇ ਇਲਜ਼ਾਮਾਂ ‘ਤੇ ਹੰਗਾਮਾ
ਇਸ ਝਗੜੇ ਦੌਰਾਨ ਇੱਕ ਧਿਰ ਨੇ ਦੂਜੀ ‘ਤੇ ‘ਚਿੱਟਾ’ (ਨਸ਼ਾ) ਵੇਚਣ ਦੇ ਗੰਭੀਰ ਇਲਜ਼ਾਮ ਵੀ ਲਗਾਏ ਹਨ। ਹੰਗਾਮਾ ਵਧਦਾ ਦੇਖ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ। ਸਥਾਨਕ ਲੋਕਾਂ ਨੇ ਦੋਸ਼ੀ ਨੂੰ ਘਰੋਂ ਬਾਹਰ ਆਉਣ ਲਈ ਕਿਹਾ, ਜਿਸ ਕਾਰਨ ਸਥਿਤੀ ਹੋਰ ਤਣਾਅਪੂਰਨ ਹੋ ਗਈ।
ਦੂਜੇ ਪੱਖ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ
ਦੂਜੇ ਪੱਖ ਨੇ ਨਸ਼ਾ ਵੇਚਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ੍ਰੀ ਰਾਮ ਕਮੇਟੀ ਦੇ ਮੈਂਬਰ ਹਨ ਅਤੇ ਪਿਛਲੇ 15 ਸਾਲਾਂ ਤੋਂ ਧਾਰਮਿਕ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਗਾਲ੍ਹਾਂ ਕੱਢੀਆਂ ਹਨ ਤਾਂ ਸਬੂਤ ਪੇਸ਼ ਕੀਤੇ ਜਾਣ। ਉਨ੍ਹਾਂ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਵਿਰੋਧੀ ਧਿਰ ਜ਼ਿੰਮੇਵਾਰ ਹੋਵੇਗੀ।
ਪੁਲਿਸ ਵੱਲੋਂ ਕਾਰਵਾਈ ਜਾਰੀ
ਸੂਚਨਾ ਮਿਲਦੇ ਹੀ ਥਾਣਾ ਮੁਖੀ ਮੋਹਨ ਲਾਲ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸੰਦੀਪ ਪਾਹਵਾ ਦੀ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।



