ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਸ਼ਿਵ ਨਗਰ ਵਿੱਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,ਜਿਥੇ ਕਿ ਘਰ ਵਿਚ ਬਲੱਡ ਸੈਂਪਲ ਲੈਣ ਆਏ ਨੌਜਵਾਨ ਨੇ ਅਜਿਹਾ ਘਿਨਾਉਣਾ ਕੰਮ ਕੀਤਾ ਕਿ ਲੋਕਾਂ ਨੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ। ਮਾਮਲਾ ਇਸ ਤਰ੍ਹਾਂ ਹੈ ਕਿ ਆਨਲਾਈਨ ਵੈਬਸਾਈਟ ਰਾਹੀਂ ਘਰ ਦੇ ਮੈਂਬਰ ਨੇ ਬਲੱਡ ਸੈਂਪਲ ਲੈਣ ਲਈ ਇਕ ਨੌਜਵਾਨ ਨੂੰ ਬੁਲਾਇਆ ਸੀ ਪਰ ਉਕਤ ਨੌਜਵਾਨ ਬਾਥਰੂਮ ‘ਚ ਨਹਾ ਰਹੀ ਮਹਿਲਾ ਦੀ ਗੁਪਤ ਤਸਵੀਰਾਂ/ਵੀਡੀਓ ਬਣਾਉਣ ਲੱਗ ਪਿਆ। ਇਸੇ ਦੌਰਾਨ ਜਦੋਂ ਮਹਿਲਾ ਨੂੰ ਪਤਾ ਲੱਗਾ ਤਾਂ ਉਸ ਨੇ ਰੌਲਾ ਪਾ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਬਲੱਡ ਸੈਂਪਲ ਲੈਣ ਲਈ ਬੁਲਾਇਆ ਸੀ
ਪਰਿਵਾਰਕ ਮੈਂਬਰ ਆਸ਼ੀਸ਼ ਨੇ ਦੱਸਿਆ ਕਿ ਸਵੇਰੇ ਲਗਭਗ 10 ਵਜੇ ਬਲੱਡ ਸੈਂਪਲ ਲੈਣ ਲਈ ਨੌਜਵਾਨ ਨੂੰ ਘਰ ਬੁਲਾਇਆ ਗਿਆ ਸੀ। ਇਸ ਦੌਰਾਨ ਉਸ ਨੇ ਬਾਥਰੂਮ ਜਾਣ ਦੀ ਗੱਲ ਕਹੀ ਅਤੇ ਦੂਜੇ ਬਾਥਰੂਮ ਵਿੱਚ ਜਾ ਕੇ ਉੱਥੇ ਕੱਪੜੇ ਬਦਲ ਰਹੀ ਮਹਿਲਾ ਦੀ ਅਸ਼ਲੀਲ ਵੀਡੀਓ ਬਣਾਉਣ ਲੱਗ ਪਿਆ। ਜਿਵੇਂ ਹੀ ਮਹਿਲਾ ਨੇ ਉਸਨੂੰ ਦੇਖ ਲਿਆ, ਉਸ ਨੇ ਰੌਲਾ ਪਾ ਦਿੱਤਾ।
ਮੋਬਾਈਲ ਤੋਂ ਮਿਲੀਆਂ ਅਸ਼ਲੀਲ ਵੀਡੀਓ
ਮੌਕੇ ‘ਤੇ ਮੌਜੂਦ ਲੋਕਾਂ ਨੇ ਮੁਲਜ਼ਮ ਦਾ ਮੋਬਾਈਲ ਚੈਕ ਕੀਤਾ ਤਾਂ ਕਈ ਅਸ਼ਲੀਲ ਵੀਡੀਓ ਮਿਲੀਆਂ। ਮੁਲਜ਼ਮ ਦੀ ਪਛਾਣ ਗੁਰਸ਼ਰਨ (ਨਿਵਾਸੀ ਮਿੱਠਾਪੁਰ) ਵਜੋਂ ਹੋਈ। ਉਸ ਨੇ ਮੰਨ ਲਿਆ ਕਿ ਵੀਡੀਓ ਉਸ ਨੇ ਹੀ ਬਣਾਈ ਸੀ। ਹਾਲਾਂਕਿ, ਉਸਨੇ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਲੋਕਾਂ ਨੇ ਫ਼ੋਨ ਫੜ ਲਿਆ।
ਲੋਕਾਂ ਨੇ ਕੀਤੀ ਛਿੱਤਰ-ਪਰੇਡ, ਕੀਤਾ ਪੁਲਸ ਹਵਾਲੇ
ਗੁੱਸੇ ਵਿਚ ਆਏ ਇਲਾਕਾ ਵਾਸੀਆਂ ਨੇ ਨੌਜਵਾਨ ਦੀ ਛਿੱਤਰ-ਪਰੇਡ ਕਰ ਕੇ ਉਸ ਨੂੰ ਥਾਣਾ-8 ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ, ਉਸਦੇ ਫ਼ੋਨ ਰਾਹੀਂ ਇਕ ਅਸ਼ਲੀਲ ਵੀਡੀਓਆਂ ਦਾ ਗਰੁੱਪ ਵੀ ਚਲਾਇਆ ਜਾ ਰਿਹਾ ਸੀ। ਘਟਨਾ ਤੋਂ ਬਾਅਦ ਇਲਾਕੇ ‘ਚ ਕਾਫੀ ਹੰਗਾਮਾ ਹੋਇਆ ਤੇ ਲੋਕਾਂ ਨੇ ਮੁਲਜ਼ਮ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।