ਜਲੰਧਰ ‘ਚ ਨਗਰ-ਨਿਗਮ ਦਫ਼ਤਰ ਦੀ ਲਿਫ਼ਟ ਖਰਾਬ ਹੋਣ ਕਾਰਣ ਭਾਰੀ ਹੰਗਾਮਾ ਹੋਇਆ। ਖਰਾਬ ਲਿਫ਼ਟ ਕਾਰਨ ਇੱਕ ਅਪਾਹਜ ਮਹਿਲਾ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਇੱਕ ਨਿਗਮ ਮੁਲਾਜ਼ਮ ਕਰੀਬ 20 ਮਿੰਟ ਤੱਕ ਅੰਦਰ ਫਸੇ ਰਹੇ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ।
ਜਾਣਕਾਰੀ ਅਨੁਸਾਰ ਉਕਤ ਮਹਿਲਾ ਅਤੇ ਮੁਲਾਜ਼ਮ ਕਿਸੇ ਕੰਮ ਲਈ ਚੌਥੀ ਮੰਜ਼ਿਲ ‘ਤੇ ਜਾ ਰਹੇ ਸਨ। ਅਚਾਨਕ ਲਿਫ਼ਟ ਵਿਚਕਾਰ ਹੀ ਜਾਮ ਹੋ ਗਈ। ਜਿਸ ਤੋਂ ਬਾਅਦ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਅਧਿਕਾਰੀਆਂ ਖਿਲਾਫ਼ ਕਾਰਵਾਈ
ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆ ਕੇ ਕਰਮਚਾਰੀਆਂ ਨੇ ਐਕਸਈਐਨ ਅਤੇ ਦੋ ਅਧਿਕਾਰੀਆਂ ਦੇ ਕਮਰਿਆਂ ਨੂੰ ਤਾਲਾ ਲਗਾ ਦਿੱਤਾ। ਉਨ੍ਹਾਂ ਦਾ ਦਾਅਵਾ ਹੈ ਕਿ ਲਿਫਟਾਂ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਬੰਦ ਹਨ। ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਐਕਸਈਐਨ ਸੁਖਵਿੰਦਰ ਨੂੰ ਦਫ਼ਤਰ ਵਿੱਚੋਂ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਮਰੇ ਨੂੰ ਕੰਮ ਨਾ ਕਰਨ ਕਾਰਨ ਤਾਲਾ ਲਗਾਇਆ ਜਾ ਰਿਹਾ ਹੈ।
ਲਾਪਰਵਾਹੀ ਦੇ ਦੋਸ਼
ਲਿਫ਼ਟਾਂ ਪਿਛਲੇ 3 ਤੋਂ 4 ਮਹੀਨਿਆਂ ਤੋਂ ਖਰਾਬ ਪਈਆਂ ਹਨ। ਕਈ ਵਾਰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਉੱਚ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਣ ਕੋਈ ਨਾ ਕੋਈ ਲਿਫ਼ਟ ‘ਚ ਫ਼ਸ ਜਾਂਦਾ ਹੈ।