ਚੰਡੀਗੜ੍ਹ ਪੁਲਿਸ ਵੱਲੋਂ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ ਵਿੱਚ ਸ਼ਾਮਲ ਇੱਕ ਮੁਲਜ਼ਮ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਕਰਨ ਡਿਫਾਲਟਰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਗਿਆ ਸੀ, ਜਿਸ ਦੌਰਾਨ ਉਸ ਨੇ ਪੁਲਿਸ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਜਵਾਬੀ ਕਾਰਵਾਈ ਵਿੱਚ ਇਹ ਐਨਕਾਊਂਟਰ ਹੋਇਆ।
ਪੁਲਿਸ ਨੇ ਦੱਸਿਆ ਕਿ ਕਰਨ ਡਿਫਾਲਟਰ ਉਹੀ ਮੁਲਜ਼ਮ ਹੈ, ਜਿਸ ਨੇ ਕੁਝ ਸਮਾਂ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਮਾਂ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ। ਉਹ ਇਸ ਮਾਮਲੇ ਵਿੱਚ ਵੀ ਕਾਫੀ ਸਮੇਂ ਤੋਂ ਲੋੜੀਂਦਾ ਸੀ। ਚੰਡੀਗੜ੍ਹ ਪੁਲਿਸ ਨੇ ਉਸ ਨੂੰ ਦੋ ਦਿਨ ਪਹਿਲਾਂ ਹੀ ਰਾਣਾ ਬਲਾਚੌਰੀਆ ਕਤਲ ਕੇਸ ਵਿੱਚ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ।
ਜਾਣਕਾਰੀ ਅਨੁਸਾਰ ਕਰਨ ਡਿਫਾਲਟਰ ਰਾਣਾ ਬਲਾਚੌਰੀਆ ਦੇ ਕਤਲ ਦਾ ਮੁੱਖ ਸ਼ੂਟਰ ਹੈ। ਪੁਲਿਸ ਹਿਰਾਸਤ ਦੌਰਾਨ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਨਾਲ ਉਸ ਦੀ ਝੜਪ ਹੋ ਗਈ। ਇਸ ਮੁਕਾਬਲੇ ਵਿੱਚ ਮੁਲਜ਼ਮ ਨੂੰ ਗੋਲੀ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਹ ਐਨਕਾਊਂਟਰ ਏਅਰਪੋਰਟ ਰੋਡ ‘ਤੇ ਹੋਇਆ। ਹੁਣ ਇਸ ਪੂਰੇ ਮਾਮਲੇ ਸਬੰਧੀ ਪੁਲਿਸ ਜਲਦੀ ਹੀ ਮੀਡੀਆ ਸਾਹਮਣੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰੇਗੀ। ਚੰਡੀਗੜ੍ਹ ਦੇ ਐਸਐਸਪੀ ਪ੍ਰੈੱਸ ਕਾਨਫਰੰਸ ਕਰਕੇ ਐਨਕਾਊਂਟਰ ਦੇ ਹਾਲਾਤ, ਪੁਲਿਸ ਕਾਰਵਾਈ ਅਤੇ ਅਗਲੇਰੀ ਜਾਂਚ ਪ੍ਰਕਿਰਿਆ ਬਾਰੇ ਜਾਣਕਾਰੀ ਦੇਣਗੇ।



