ਖਬਰਿਸਤਾਨ ਨੈੱਟਵਰਕ-ਅੱਜ ਸਵੇਰੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇੜੇ ਫਲਾਈਓਵਰ ‘ਤੇ ਸਰੀਏ ਨਾਲ ਭਰੇ ਇੱਕ ਟਰੱਕ ਦੇ ਪਲਟਣ ਤੋਂ ਬਾਅਦ ਜੀਟੀ ਰੋਡ ‘ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਹਾਦਸੇ ਕਾਰਨ ਲੁਧਿਆਣਾ-ਜਲੰਧਰ ਹਾਈਵੇ ‘ਤੇ ਲਗਭਗ 4 ਘੰਟਿਆਂ ਤੋਂ ਕਈ ਕਿਲੋਮੀਟਰ ਤੱਕ ਦਾ ਲੰਬਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਘੰਟਿਆਂ ਬੱਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਨੀ ਨੁਕਸਾਨ ਤੋਂ ਬਚਾਅ
ਇਹ ਹਾਦਸਾ ਫਲਾਈਓਵਰ ‘ਤੇ ਵਾਪਰਿਆ, ਜਿੱਥੇ ਲੋਹੇ ਦੇ ਸਰੀਏ ਨਾਲ ਭਰਿਆ ਇਕ ਟਰੱਕ ਆਪਣਾ ਕੰਟਰੋਲ ਗੁਆ ਕੇ ਪਲਟ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਸਐਸਐਫ ਦੇ ਮੁਲਾਜ਼ਮ ਤੁਰੰਤ ਮੌਕੇ ‘ਤੇ ਪਹੁੰਚੇ। ਟਰੱਕ ਦੇ ਅੰਦਰ ਫਸੇ ਡਰਾਈਵਰ ਨੂੰ ਸੁਰੱਖਿਅਤ ਕੱਢ ਲਿਆ ਗਿਆ ਅਤੇ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਾਈਵੇਅ ਉਤੇ ਲੱਗਾ ਲੰਬਾ ਟ੍ਰੈਫਿਕ ਜਾਮ
ਟਰੱਕ ਦੇ ਪਲਟਣ ਨਾਲ ਮੁੱਖ ਜੀਟੀ ਰੋਡ ਪੂਰੀ ਤਰ੍ਹਾਂ ਬੰਦ ਹੋ ਗਿਆ, ਜਿਸ ਕਾਰਨ ਲੰਮਾ ਟ੍ਰੈਫਿਕ ਜਾਮ ਹੋ ਗਿਆ। ਟ੍ਰੈਫਿਕ ਜਾਮ ਐਲਪੀਯੂ ਤੋਂ ਫਗਵਾੜਾ ਦੇ ਚੱਕ ਹਕੀਮ ਤੱਕ ਲੱਗ ਗਿਆ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਵਿਦਿਆਰਥੀਆਂ ਲਈ ਟ੍ਰੈਫਿਕ ਜਾਮ ਬਣਿਆ ਮੁਸੀਬਤ
ਟ੍ਰੈਫਿਕ ਜਾਮ ਕਾਰਨ, ਐਲਪੀਯੂ ਅਤੇ ਨੇੜਲੇ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਨੂੰ ਬੱਸਾਂ ਤੋਂ ਉਤਰ ਕੇ ਆਪਣੀਆਂ ਕਲਾਸਾਂ ਲਈ ਲਗਭਗ ਦੋ ਕਿਲੋਮੀਟਰ ਪੈਦਲ ਜਾਣਾ ਪਿਆ। ਦਫਤਰ ਜਾਣ ਵਾਲੇ ਘੰਟਿਆਂ ਤੱਕ ਜਾਮ ਵਿੱਚ ਫਸੇ ਰਹੇ, ਜਿਸ ਕਾਰਨ ਦੇਰੀ ਹੋਈ। ਚਾਰ ਘੰਟਿਆਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਆਵਾਜਾਈ ਪੂਰੀ ਤਰ੍ਹਾਂ ਸੁਧਰੀ ਨਹੀਂ ਸੀ।
ਚਾਰ ਘੰਟਿਆਂ ਬਾਅਦ ਵੀ ਟ੍ਰੈਫਿਕ ਪੁਲਿਸ ਗਾਇਬ, ਯਾਤਰੀਆਂ ਵਿੱਚ ਗੁੱਸਾ
ਯਾਤਰੀ ਹੌਲੀ ਆਵਾਜਾਈ ਅਤੇ ਪੁਲਿਸ ਪ੍ਰਬੰਧਾਂ ਤੋਂ ਬਹੁਤ ਗੁੱਸੇ ਵਿੱਚ ਸਨ। ਜਾਮ ਵਿਚ ਫਸੇ ਹੋਏ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਚਾਰ ਘੰਟਿਆਂ ਬਾਅਦ ਵੀ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨ ਲਈ ਨਹੀਂ ਪਹੁੰਚਿਆ। ਜਾਮ ਵਿਚ ਫਸੇ ਕਮਲ ਅਰੋੜਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਆਪਣੇ ਭਤੀਜੇ ਦੇ ਵਿਆਹ ਲਈ ਜਾ ਰਿਹਾ ਸੀ ਪਰ ਪਿਛਲੇ ਦੋ ਘੰਟਿਆਂ ਤੋਂ ਜਾਮ ਵਿੱਚ ਫਸਿਆ ਹੋਇਆ ਹੈ।
ਇੱਕ ਹੋਰ ਯਾਤਰੀ, ਸ਼ਸ਼ੀ ਕਾਲੀਆ ਨੇ ਕਿਹਾ ਕਿ ਉਸ ਨੂੰ ਇੱਕ ਜ਼ਰੂਰੀ ਮੀਟਿੰਗ ਲਈ ਆਪਣੇ ਦਫ਼ਤਰ ਪਹੁੰਚਣਾ ਸੀ ਪਰ ਉਹ ਸਵੇਰੇ 8:30 ਵਜੇ ਤੋਂ ਜਾਮ ਵਿੱਚ ਫਸਿਆ ਹੋਇਆ ਹੈ। ਪਲਟੇ ਹੋਏ ਟਰੱਕ ਨੂੰ ਹਟਾਉਣ ਦਾ ਕੰਮ ਮੌਕੇ ‘ਤੇ ਕਰੇਨ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਜਲਦੀ ਤੋਂ ਜਲਦੀ ਆਵਾਜਾਈ ਨੂੰ ਬਹਾਲ ਕੀਤਾ ਜਾ ਸਕੇ।