ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਅੱਜ ਕੱਲ੍ਹ ਦਿਨ-ਬ-ਦਿਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਉੱਥੇ ਹੀ ਚੋਰਾਂ ਵੱਲੋਂ ਹੁਣ ਜਿਊਲਰੀ ਸ਼ੋਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੁਧਿਆਣਾ ਦੇ ਪੋਸ਼ ਇਲਾਕੇ ਤੋਂ ਕਰੋੜਾਂ ਦੇ ਗਹਿਣੇ ਚੋਰੀ ਹੋਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਐਮ.ਬੀ. ਜੈਨ ਜਵੈਲਰਜ਼ ਸ਼ੋਪ ਦੇ ਮਾਲਕ ਨੇ ਆਪਣੇ ਅਕਾਊਂਟੈਂਟ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਜੋ ਕਿ ਉਨ੍ਹਾਂ ਦੇ ਅਕਾਊਂਟਸ, ਸੇਲ-ਪਰਚੇਜ਼ ਅਤੇ ਸਟਾਕ ਦਾ ਸਾਰਾ ਕੰਮ ਸੰਭਾਲਦਾ ਸੀ
ਮਾਲਕ ਵਿਕਰਮ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਾਣੇ ਅਤੇ ਭਰੋਸੇਮੰਦ ਅਕਾਊਂਟੈਂਟ ਰਾਮ ਸ਼ੰਕਰ ਨੇ ਦੁਕਾਨ ਵਿੱਚੋਂ ਕਰੋੜਾਂ ਦੇ ਸੋਨੇ ਦੇ ਗਹਿਣਿਆਂ ਅਤੇ ਨਕਦੀ ਉੱਤੇ ਹੱਥ ਸਾਫ਼ ਕਰ ਦਿੱਤਾ ਹੈ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ BNS ਦੀ ਧਾਰਾ 318(4) ਅਤੇ 306 ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੀੜਤ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਟਾਕ ਵਿੱਚ ਗੜਬੜੀ ਦਾ ਸ਼ੱਕ ਹੋਣ ‘ਤੇ ਜਦੋਂ 22 ਜਨਵਰੀ ਨੂੰ ਰਾਮ ਸ਼ੰਕਰ ਤੋਂ ਰਿਕਾਰਡ ਮੰਗਿਆ ਗਿਆ, ਤਾਂ ਉਸ ਨੇ ਕਿਹਾ ਕਿ ਉਹ ਅਗਲੀ ਸਵੇਰ ਸਾਰਾ ਹਿਸਾਬ ਦੱਸ ਦੇਵੇਗਾ। ਪਰ ਅਗਲੀ ਸਵੇਰ ਜਦੋਂ ਸ਼ੋਰੂਮ ਖੁੱਲ੍ਹਿਆ ਤਾਂ ਰਾਮ ਸ਼ੰਕਰ ਗਾਇਬ ਸੀ ਅਤੇ ਉਸ ਦਾ ਫ਼ੋਨ ਵੀ ਬੰਦ ਆਉਣ ਲੱਗਾ। ਜਦੋਂ ਮਾਲਕ ਨੇ ਖੁਦ ਕੰਪਿਊਟਰ ਖੋਲ੍ਹ ਕੇ ਸੇਲ ਸਟਾਕ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।
ਮੁਲਜ਼ਮ ਰਾਮ ਸ਼ੰਕਰ ਨੇ ਧੋਖੇ ਨਾਲ ਕਈ ਫਰਜ਼ੀ ਕੈਸ਼ ਬਿੱਲ ਕੱਟੇ ਹੋਏ ਸਨ, ਜਿਨ੍ਹਾਂ ਦੀ ਜਾਣਕਾਰੀ ਸ਼ੋਰੂਮ ਪ੍ਰਬੰਧਕਾਂ ਨੂੰ ਨਹੀਂ ਸੀ। ਇਨ੍ਹਾਂ ਫਰਜ਼ੀ ਐਂਟਰੀਆਂ ਰਾਹੀਂ ਉਸ ਨੇ ਕਾਗਜ਼ਾਂ ਵਿੱਚ ਤਾਂ ਸਟਾਕ ਬਰਾਬਰ ਦਿਖਾਇਆ, ਪਰ ਅਸਲ ਵਿੱਚ ਸ਼ੋਰੂਮ ਵਿੱਚੋਂ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਗਾਇਬ ਸਨ।
ਫਰਜ਼ੀ ਐਂਟਰੀਆਂ ਪਾਈਆਂ
ਪੁਲਿਸ ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੇ ਪੂਰੀ ਯੋਜਨਾਬੰਦੀ ਨਾਲ ਫਰਜ਼ੀ ਐਂਟਰੀਆਂ ਪਾਈਆਂ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਜਦੋਂ ਮਾਲਕ ਵੱਲੋਂ ਸਟਾਕ ਦੀ ਜਾਂਚ ਕੀਤੀ ਗਈ ਤਾਂ ਸੋਨੇ ਦੇ ਗਹਿਣਿਆਂ ਦਾ ਵੱਡਾ ਹਿੱਸਾ ਗਾਇਬ ਮਿਲਿਆ। ਮੁਲਜ਼ਮ ਖ਼ਿਲਾਫ਼ U/S 318(4), 306 BNS ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮੁਲਜ਼ਮ ਫਰਾਰ ਹੈ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।