ਲੁਧਿਆਣਾ ਦੀ ਇੱਕ ਲੇਡੀ ਡਾਕਟਰ ਨੇ ਪ੍ਰਸਿੱਧ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ (KBC) ਵਿੱਚ 3 ਲੱਖ ਰੁਪਏ ਜਿੱਤੇ ਹਨ। ਉਨ੍ਹਾਂ ਨੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਨਾਲ ਹਾਟ ਸੀਟ ’ਤੇ ਬੈਠ ਕੇ 9 ਸਵਾਲਾਂ ਦੇ ਸਹੀ ਜਵਾਬ ਦਿੱਤੇ।
ਐਨੇਸਥੀਸ਼ੀਆ ਦੀ ਡਾਕਟਰ ਪੂਜਾ ਮਲਹੋਤਰਾ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ KBC ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਵਾਰ KBC ਦੇ 17ਵੇਂ ਸੀਜ਼ਨ ਵਿੱਚ ਉਸਦਾ ਇਹ ਸੁਪਨਾ ਪੂਰਾ ਹੋਇਆ।
ਡਾ. ਪੂਜਾ ਨੇ ਕਿਹਾ ਕਿ ਉਸਦਾ ਮਕਸਦ ਸਿਰਫ਼ ਪੈਸੇ ਜਿੱਤਣਾ ਨਹੀਂ ਸੀ, ਸਗੋਂ KBC ਦੇ ਮੰਚ ਤੱਕ ਪਹੁੰਚਣਾ ਸੀ। ਇਸ ਤੋਂ ਇਲਾਵਾ ਅਮਿਤਾਭ ਬੱਚਨ ਦੇ ਸਾਹਮਣੇ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਕਰਨਾ ਵੀ ਉਸਦਾ ਇੱਕ ਵੱਡਾ ਸੁਪਨਾ ਸੀ।
ਜਦੋਂ ਡਾਕਟਰ ਪੂਜਾ ਨੂੰ ਪੁੱਛਿਆ ਗਿਆ ਕਿ ਉਹ ਕਿੰਨੀ ਰਕਮ ਜਿੱਤਣਾ ਚਾਹੁੰਦੀ ਸੀ, ਤਾਂ ਉਨ੍ਹਾਂ ਨੇ ਕਿਹਾ, “ਸੱਚ ਪੁੱਛੋ ਤਾਂ ਜਿੱਤੀ ਹੋਈ ਰਕਮ ਤੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ ਮੈਂ KBC ਵਰਗੀ ਇੰਨੀ ਵੱਡੀ ਲੈਗੇਸੀ ਦਾ ਹਿੱਸਾ ਬਣੀ। ਪੈਸੇ ਤਾਂ ਹਰ ਕੋਈ ਵੱਧ ਜਿੱਤਣਾ ਚਾਹੁੰਦਾ ਹੈ, ਪਰ ਮੇਰੇ ਲਈ ਇਸ ਮੰਚ ਤੱਕ ਪਹੁੰਚਣਾ ਹੀ ਸਭ ਤੋਂ ਵੱਡੀ ਉਪਲਬਧੀ ਸੀ।”