ਮੁੰਬਈ ਦੇ ਭਾਂਡੂਪ ਇਲਾਕੇ ਵਿੱਚ ਰੇਲਵੇ ਸਟੇਸ਼ਨ ਦੇ ਬਾਹਰ ਸੋਮਵਾਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਰਾਤ ਕਰੀਬ 9:35 ਵਜੇ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟ੍ਰਾਂਸਪੋਰਟ (BEST) ਦੀ ਇੱਕ ਬੱਸ ਨੇ 13 ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ 3 ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 9 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
ਪੁਲਿਸ ਅਨੁਸਾਰ, BEST ਦੀ ਬੱਸ ਰਿਵਰਸ ਕਰਦੇ ਸਮੇਂ ਬੇਕਾਬੂ ਹੋ ਗਈ ਅਤੇ ਸੜਕ ‘ਤੇ ਚੱਲ ਰਹੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਤੋਂ ਬਾਅਦ ਬੱਸ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਉਹ ਡਿੱਗ ਗਿਆ ਅਤੇ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦੇ ਖਿਲਾਫ FIR ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ, ਮੁੰਬਈ ਫਾਇਰ ਬ੍ਰਿਗੇਡ ਅਤੇ BEST ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਜ਼ਖਮੀਆਂ ਨੂੰ ਤੁਰੰਤ ਰਾਜਾਵਾੜੀ ਅਤੇ ਐਮ.ਟੀ. ਅਗਰਵਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 4 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
ਪ੍ਰਤੱਖਦਰਸ਼ੀ ਫਾਰਮਾਸਿਸਟ ਸੈਮਿਨੀ ਮੁਦਲਿਆਰ ਨੇ ਦੱਸਿਆ ਕਿ ਉਹ ਬੱਸ ਸਟਾਪ ‘ਤੇ ਖੜ੍ਹੀ ਸੀ, ਉਦੋਂ ਹੀ ਤੇਜ਼ ਧਮਾਕੇ ਵਰਗੀ ਆਵਾਜ਼ ਆਈ। ਅਗਲੇ ਹੀ ਪਲ ਉਸ ਨੇ ਲੋਕਾਂ ਨੂੰ ਬੱਸ ਨਾਲ ਟਕਰਾ ਕੇ ਉਛਲਦੇ ਅਤੇ ਡਿੱਗਦੇ ਦੇਖਿਆ। ਕਈ ਲੋਕ ਬੱਸ ਦੇ ਹੇਠਾਂ ਫਸ ਗਏ ਸਨ ਅਤੇ ਚਾਰੇ ਪਾਸੇ ਖੂਨ ਫੈਲਿਆ ਹੋਇਆ ਸੀ। ਇੱਕ ਵਿਅਕਤੀ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫੁੱਟਪਾਥ ‘ਤੇ ਰੇਹੜੀ-ਫੜੀ ਵਾਲਿਆਂ ਦੇ ਕਬਜ਼ੇ ਕਾਰਨ ਪੈਦਲ ਯਾਤਰੀਆਂ ਨੂੰ ਸੜਕ ‘ਤੇ ਚੱਲਣਾ ਪੈਂਦਾ ਹੈ। ਇਹ ਇਲਾਕਾ ਹਮੇਸ਼ਾ ਭੀੜ-ਭੜੱਕੇ ਵਾਲਾ ਰਹਿੰਦਾ ਹੈ ਅਤੇ ਭਾਰੀ ਭੀੜ ਕਾਰਨ ਬੱਸਾਂ ਨੂੰ ਯੂ-ਟਰਨ ਲੈਣ ਵਿੱਚ ਮੁਸ਼ਕਲ ਹੁੰਦੀ ਹੈ।
ਡੀਸੀਪੀ ਹੇਮਰਾਜ ਸਿੰਘ ਰਾਜਪੂਤ ਨੇ ਦੱਸਿਆ ਕਿ ਬੱਸ ਦੀ ਮਕੈਨੀਕਲ ਅਤੇ ਤਕਨੀਕੀ ਜਾਂਚ ਕਰਵਾਈ ਜਾਵੇਗੀ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੀ ਅਸਲੀ ਵਜ੍ਹਾ ਸਾਹਮਣੇ ਆਵੇਗੀ। ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਸ਼ਾਮਲ ਬੱਸ ‘ਵੇਟ ਲੀਜ਼’ ਮਾਡਲ ‘ਤੇ ਓਲੈਕਟਰਾ ਗ੍ਰੀਨਟੈਕ ਕੰਪਨੀ ਤੋਂ ਲਈ ਗਈ ਸੀ, ਹਾਲਾਂਕਿ ਬੱਸ BEST ਦਾ ਹੀ ਡਰਾਈਵਰ ਚਲਾ ਰਿਹਾ ਸੀ।
ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ ਹੈ।