ਮੰਗਲਵਾਰ, ੧੦ ਮੱਘਰ (ਸੰਮਤ ੫੫੭ ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥
ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥ ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥ ਕਰਿ ਆਸਾ ਆਇਓ ਪ੍ਰਭ ਮਾਗਨਿ ॥ ਤੁਮੑ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥ ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥ ਸਾਧਸੰਗਿ ਇਸੁ ਮਨਹਿ ਉਧਾਰਉ ॥੨॥ ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥ ਤਾ ਮਿਲੀਐ ਜਾ ਲਏ ਮਿਲਾਈ ॥੩॥ ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥ ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥
( ਵਿਆਖਿਆ )
ਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? (ਜੇ ਕੋਈ ਗੁਰਮੁਖਿ ਮੈਨੂੰ ਉਹ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ ।੧। ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ । ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ ।੧।ਰਹਾਉ। ਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ । ਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ ।੨। ਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ । ਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ ।੩। ਹੇ ਨਾਨਕ! ਆਖ—ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦਰਸਨ ਕਰ ਲਿਆ ਹੈ, ਤੇ (ਦਰਸਨ ਦੀ ਬਰਕਤਿ ਨਾਲ) ਜਿਸ ਦੀਆਂ ਅੱਖਾਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈਆਂ ਹਨ ।੪।੪।੯।