ਡਾ. ਨਵਜੋਤ ਕੌਰ ਸਿੱਧੂ ਜਿਨ੍ਹਾਂ ਨੂੰ ‘ਮੁੱਖ ਮੰਤਰੀ ਦੀ ਕੁਰਸੀ ਲਈ ₹500 ਕਰੋੜ’ ਵਾਲੇ ਬਿਆਨ ਤੋਂ ਬਾਅਦ ਕਾਂਗਰਸ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਦਰਅਸਲ ਉਨ੍ਹਾਂ ਦੇ ਇਸ ਬਿਆਨ ਨਾਲ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਹੁਣ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਉੱਥੇ ਹੀ ਭਗਵੰਤ ਮਾਨ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਆਪਣੀ ਜਾਨ ਦਾ ਡਰ ਹੈ, ਤਾਂ ਬੋਲਣ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਸੀ। ਕਿਹਾ ਕਿ ਸਿਆਸਤਦਾਨ ਪਹਿਲਾਂ ਬਿਨ੍ਹਾਂ ਸੋਚੇ-ਸਮਝੇ ਕੁਝ ਵੀ ਬੋਲ ਦਿੰਦੇ ਹਨ ਅਤੇ ਫਿਰ ਉਨ੍ਹਾਂ ਕੋਲ ਆ ਕੇ ਦਾਅਵਾ ਕਰਦੇ ਹਨ ਕਿ ਉਹ ਖ਼ਤਰੇ ਵਿੱਚ ਹਨ। ਨਵਜੋਤ ਕੌਰ ‘ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੇ ਤਾਂ ਕਾਂਗਰਸ ‘ਚ ਵੀ ਕੁਰਸੀ ਦੇ ਰੇਟ ਸੈੱਟ ਕਰ ਦਿੱਤੇ ਹਨ।
ਬੀਤੇ ਦਿਨ ਮੰਗੀ ਸੀ ਸੁਰੱਖਿਆ
ਬੀਤੇ ਦਿਨ ਸ਼ੁੱਕਰਵਾਰ ਰਾਤ ਨੂੰ ‘X’ ਇੱਕ ਪੋਸਟ ‘ਚ ਉਨ੍ਹਾਂ ਕਿਹਾ, “CM ਭਗਵੰਤ ਮਾਨ ਜੀ, ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਸੁਰੱਖਿਆ ਦੀ ਜ਼ਰੂਰਤ ਹੈ, ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਕਿਰਪਾ ਕਰ ਕੇ ਜਵਾਬ ਦਿਓ ਕਿ ਪੰਜਾਬ ਦੇ ਰਾਜਪਾਲ ਸਾਹਮਣੇ ਮੇਰੇ ਵੱਲੋਂ ਚੁੱਕੇ ਗਏ ਮੁੱਦਿਆਂ ‘ਤੇ ਤੁਹਾਡੇ ਵੱਲੋਂ ਕੋਈ ਜਵਾਬ ਕਿਉਂ ਨਹੀਂ ਆਇਆ ? ਤੁਸੀਂ ਸ਼ਰਾਬ ਤੇ ਮਾਈਨਿੰਗ ਮਾਫੀਆ ਨੂੰ ਹੱਲਾਸ਼ੇਰੀ ਕਿਉਂ ਦੇ ਰਹੇ ਹੋ?”
ਇਸ ਦੇ ਨਾਲ ਹੀ ਉਨ੍ਹਾਂ ਉਸ ਮੰਗ ਪੱਤਰ ਦੀ ਇਕ ਕਾਪੀ ਵੀ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਮੁੱਦਿਆਂ ਦਾ ਜ਼ਿਕਰ ਸੀ, ਜੋ ਉਨ੍ਹਾਂ ਨੇ ਹਾਲ ਹੀ ਵਿੱਚ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਦੌਰਾਨ ਉਠਾਏ ਸਨ।