ਪੰਜਾਬ ਸਰਕਾਰ ਜਲਦ ਹੀ ਸ਼ਹਿਰਾਂ ਤੋਂ ਪਿੰਡਾਂ ਨੂੰ ਜੋੜਨ ਲਈ ਮਿੰਨੀ ਬੱਸ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਲੋਕਾਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ 100 ਮਿੰਨੀ ਬੱਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਜੇਕਰ ਸਾਰੀ ਪ੍ਰਕਿਰਿਆ ਸਮੇਂ ਸਿਰ ਪੂਰੀ ਹੋ ਜਾਂਦੀ ਹੈ, ਤਾਂ ਇਹ ਬੱਸਾਂ ਫਰਵਰੀ ਦੇ ਅੰਤ ਜਾਂ ਮਾਰਚ ਮਹੀਨੇ ਤੱਕ ਪੰਜਾਬ ਦੀਆਂ ਸੜਕਾਂ ‘ਤੇ ਦੌੜਦੀਆਂ ਨਜ਼ਰ ਆਉਣਗੀਆਂ।
ਟੈਂਡਰ ਪ੍ਰਕਿਰਿਆ ਹੋਈ ਸ਼ੁਰੂ
ਇਸ ਯੋਜਨਾ ਨੂੰ ਲੈ ਕੇ ਸਰਕਾਰ ਨੇ ਟੈਂਡਰ ਜਾਰੀ ਕਰ ਦਿੱਤਾ ਹੈ। ਟੈਂਡਰ ਪ੍ਰਕਿਰਿਆ ਤਹਿਤ 23 ਜਨਵਰੀ ਨੂੰ ਪ੍ਰੀ-ਬਿਡ ਮੀਟਿੰਗ ਹੋਵੇਗੀ, ਜਿਸ ਵਿੱਚ ਇੱਛੁਕ ਕੰਪਨੀਆਂ ਹਿੱਸਾ ਲੈਣਗੀਆਂ। ਇਸ ਤੋਂ ਬਾਅਦ ਫਾਈਨੈਂਸ਼ੀਅਲ ਬਿਡ ਮੰਗਵਾ ਕੇ ਅੰਤਿਮ ਫੈਸਲਾ ਲਿਆ ਜਾਵੇਗਾ।
PRTC ਰਾਹੀਂ ਖਰੀਦੀਆਂ ਜਾਣਗੀਆਂ ਬੱਸਾਂ
ਇਹ ਸਾਰੀਆਂ ਮਿੰਨੀ ਬੱਸਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਰਾਹੀਂ ਖਰੀਦੀਆਂ ਜਾਣਗੀਆਂ। ਇਹ ਬੱਸਾਂ ਵਾਤਾਵਰਣ ਦੇ ਅਨੁਕੂਲ ਹੋਣਗੀਆਂ ਅਤੇ BS-VI ਨਿਯਮਾਂ ਵਾਲੀਆਂ ਸਿਟੀ/ਅਰਬਨ (OBDA ਕਿਸਮ) ਦੀਆਂ ਹੋਣਗੀਆਂ। ਸਰਕਾਰ ਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਨਾ ਸਿਰਫ਼ ਆਵਾਜਾਈ ਦੀਆਂ ਸਹੂਲਤਾਂ ਬਿਹਤਰ ਹੋਣਗੀਆਂ, ਸਗੋਂ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਪਿੰਡਾਂ ਦੀ ਕਨੈਕਟੀਵਿਟੀ ‘ਤੇ ਜ਼ੋਰ
ਸਰਕਾਰ ਪਹਿਲਾਂ ਹੀ ਇੱਕ ਮਹੀਨਾ ਪਹਿਲਾਂ 505 ਮਿੰਨੀ ਬੱਸ ਅਪਰੇਟਰਾਂ ਨੂੰ ਪਰਮਿਟ ਜਾਰੀ ਕਰ ਚੁੱਕੀ ਹੈ। ਨਿਯਮਾਂ ਅਨੁਸਾਰ ਇੱਕ ਮਿੰਨੀ ਬੱਸ 5 ਤੋਂ 6 ਪਿੰਡਾਂ ਨੂੰ ਕਵਰ ਕਰੇਗੀ ਅਤੇ ਕਰੀਬ 35 ਕਿਲੋਮੀਟਰ ਦਾ ਰੂਟ ਤੈਅ ਕਰੇਗੀ। ਇਸ ਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਲਗਭਗ 19 ਹਜ਼ਾਰ ਕਿਲੋਮੀਟਰ ਲੰਬੀਆਂ ਸੜਕਾਂ ਦੇ ਨਿਰਮਾਣ ਦਾ ਵੀ ਟੀਚਾ ਰੱਖਿਆ ਗਿਆ ਹੈ।
ਇਸ ਸਾਲ 1300 ਬੱਸਾਂ ਖਰੀਦਣ ਦੀ ਯੋਜਨਾ
ਪੰਜਾਬ ਸਰਕਾਰ ਇਸ ਸਾਲ ਕੁੱਲ ਕਰੀਬ 1300 ਬੱਸਾਂ ਖਰੀਦਣ ਦੀ ਤਿਆਰੀ ਵਿੱਚ ਹੈ। ਇਨ੍ਹਾਂ ਵਿੱਚ ਪੰਜਾਬ ਰੋਡਵੇਜ਼ ਅਤੇ PRTC ਲਈ 950 ਬੱਸਾਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਕਿਲੋਮੀਟਰ ਸਕੀਮ ਤਹਿਤ 483 ਬੱਸਾਂ ਲੈਣ ਦੀ ਯੋਜਨਾ ਹੈ। ਇਸ ਬੇੜੇ ਵਿੱਚ ਇਲੈਕਟ੍ਰਿਕ ਬੱਸਾਂ ਅਤੇ ਮਿੰਨੀ ਬੱਸਾਂ ਵੀ ਸ਼ਾਮਲ ਹੋਣਗੀਆਂ, ਜੋ ਖਾਸ ਤੌਰ ‘ਤੇ ਪੇਂਡੂ ਰੂਟਾਂ ‘ਤੇ ਚਲਾਈਆਂ ਜਾਣਗੀਆਂ।