ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਸ਼ਹਿਜ਼ਾਦ ਭੱਟੀ ਦੇ ਇੱਕ ਨਜ਼ਦੀਕੀ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਮਨ ਕੁਮਾਰ ਉਰਫ਼ ਗੋਲੂ ਵਜੋਂ ਹੋਈ ਹੈ, ਜੋ ਜੰਮੂ ਦੇ ਗੰਗਿਆਲ ਇਲਾਕੇ ਦਾ ਰਹਿਣ ਵਾਲਾ ਹੈ। ਮੁਲਜ਼ਮ ਕੋਲੋਂ ਇੱਕ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਪੁਲਿਸ ਅਨੁਸਾਰ, ਰਮਨ ਕੁਮਾਰ ਲੰਬੇ ਸਮੇਂ ਤੋਂ ਅੱਤਵਾਦੀ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗੰਗਿਆਲ ਵਿੱਚ ਮੀਟ ਦੀ ਦੁਕਾਨ ਚਲਾਉਂਦਾ ਸੀ ਅਤੇ ਸਥਾਨਕ ਝਗੜਿਆਂ ਵਿੱਚ ਵੀ ਸ਼ਾਮਲ ਰਿਹਾ ਹੈ। ਉਸ ਦਾ ਸ਼ਹਿਜ਼ਾਦ ਭੱਟੀ ਨਾਲ ਸ਼ੁਰੂਆਤੀ ਸੰਪਰਕ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਲਗਾਤਾਰ ਗੱਲਬਾਤ ਹੁੰਦੀ ਰਹੀ।
ਪੁਲਿਸ ਨੇ ਦੱਸਿਆ ਕਿ ਸ਼ਹਿਜ਼ਾਦ ਭੱਟੀ ਨੇ ਆਪਣੇ ਇੱਕ ਆਪਰੇਟਿਵ ਰਾਹੀਂ ਰਮਨ ਨੂੰ ਹਥਿਆਰ ਮੁਹੱਈਆ ਕਰਵਾਇਆ ਸੀ। ਫਿਲਹਾਲ ਮੁਲਜ਼ਮ ਨੂੰ ਕਿਸੇ ਖ਼ਾਸ ਟਾਰਗੇਟ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ, ਪਰ ਉਸ ਨੂੰ ਅਗਲੇ ਨਿਰਦੇਸ਼ ਮਿਲਣ ਵਾਲੇ ਸਨ।
ਪੰਜਾਬ ਪੁਲਿਸ ਨੇ ਇਸ ਸਬੰਧੀ 10 ਦਸੰਬਰ 2025 ਨੂੰ ਐਫਆਈਆਰ ਨੰਬਰ 13 ਦਰਜ ਕੀਤੀ ਸੀ, ਜਿਸ ਵਿੱਚ ਆਰਮਜ਼ ਐਕਟ ਅਤੇ ਬੀਐਨਐਸ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਰਮਨ ਕੁਮਾਰ ਨੂੰ ਕੁਝ ਦਿਨ ਪਹਿਲਾਂ ਅੰਬਾਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਉਹ ਬਲਦੇਵ ਨਗਰ ਥਾਣੇ ਦੇ ਅੰਦਰ ਕਾਰ ਬਲਾਸਟ ਮਾਮਲੇ ਵਿੱਚ ਸ਼ਾਮਲ ਸੀ। ਇਹ ਹਮਲਾ ਵੀ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ, ਜਿਸ ਵਿੱਚ ਰਮਨ ਨੇ ਹਮਲਾਵਰਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਈ ਸੀ।
SSOC ਦੇ ਏਆਈਜੀ ਦੀਪਕ ਪਾਰਿਖ ਨੇ ਦੱਸਿਆ ਕਿ ਰਮਨ ਕੁਮਾਰ ਦੀ ਗ੍ਰਿਫ਼ਤਾਰੀ ਨਾਲ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ਦੀ ਇੱਕ ਅਹਿਮ ਕੜੀ ਟੁੱਟ ਗਈ ਹੈ। ਇਸ ਨਾਲ ਪਾਕਿਸਤਾਨ ਤੋਂ ਚੱਲ ਰਹੇ ਕਰਾਸ-ਬਾਰਡਰ ਅੱਤਵਾਦੀ ਮਾਡਿਊਲ ਨੂੰ ਵੱਡਾ ਝਟਕਾ ਲੱਗਾ ਹੈ, ਖ਼ਾਸ ਕਰਕੇ ਪੰਜਾਬ ਵਿੱਚ ਉਸ ਦੇ ਆਪਰੇਸ਼ਨਲ ਅਤੇ ਲੌਜਿਸਟਿਕ ਨੈੱਟਵਰਕ ਨੂੰ। ਉਨ੍ਹਾਂ ਕਿਹਾ ਕਿ ਬਾਕੀ ਨੈੱਟਵਰਕ ਅਤੇ ਸਾਥੀਆਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ।