ਖਬਰਿਸਤਾਨ ਨੈੱਟਵਰਕ- ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਤਮਿਕ ਸ਼ਾਂਤੀ ਲਈ ਅੱਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਪੋਨਾ, ਜਗਰਾਉਂ ਵਿਖੇ ਹੋਵੇਗੀ। ਇਸ ਸਬੰਧੀ ਭੋਗ ਸਮਾਗਮ ਸ਼ੁਰੂ ਹੋ ਚੁੱਕੇ ਹਨ। ਗਾਇਕ ਨੂੰ ਸ਼ਰਧਾਂਜਲੀ ਦੇਣ ਲੱ ਵੱਡੀਆਂ ਸ਼ਖਸੀਅਤਾਂ ਤੇ ਪੰਜਾਬੀ ਇੰਡਸਟਰੀ ਦੇ ਵੱਡੇ ਗਾਇਕ ਪੁੱਜ ਰਹੇ ਹਨ।
8 ਅਕਤੂਬਰ ਨੂੰ ਹੋਈ ਸੀ ਮੌ/ਤ
ਜੱਦੀ ਪਿੰਡ ਦੇ ਖੇਤ ਵਿਚ ਵੱਡਾ ਟੈਂਟ ਲਗਾਇਆ ਗਿਆ ਹੈ। ਜਵੰਦਾ ਦਾ 8 ਅਕਤੂਬਰ ਨੂੰ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ 35 ਸਾਲ ਦੀ ਉਮਰ ਵਿਚ ਸਵੇਰੇ 10:55 ਵਜੇ ਆਖ਼ਰੀ ਸਾਹ ਲਏ।
11 ਤੋਂ 1 ਵਜੇ ਤੱਕ ਭੋਗ ਸਮਾਗਮ
ਭੋਗ ਸਮਾਗਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ। ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਾਜ਼ਰ ਹੋ ਕੇ ਵਿਛੜੀ ਹੋਈ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ। ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਪਹਿਲਾਂ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬਾਈਕ ਇੱਕ ਬੋਲੈਰੋ ਗੱਡੀ ਨਾਲ ਟਕਰਾਈ ਸੀ, ਪਰ ਹੁਣ ਪੰਚਕੁਲਾ ਪੁਲਸ ਦੇ ਜਾਂਚ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਹਾਦਸਾ ਪਸ਼ੂ ਨਾਲ ਟੱਕਰ ਕਾਰਨ ਹੋਇਆ ਸੀ ਅਤੇ ਉੱਥੇ ਕੋਈ ਗੱਡੀ ਮੌਜੂਦ ਨਹੀਂ ਸੀ।ਜਾਂਚ ਅਧਿਕਾਰੀ ਦੇ ਮੁਤਾਬਕ, 27 ਸਤੰਬਰ ਨੂੰ ਰਾਜਵੀਰ ਜਵੰਦਾ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਉਹ 5 ਸਾਥੀਆਂ ਸਮੇਤ ਵੱਖ-ਵੱਖ ਬਾਈਕਾਂ ‘ਤੇ ਸਫਰ ਕਰ ਰਹੇ ਸਨ। ਇਸ ਦੌਰਾਨ ਪਿੰਜੌਰ ਦੇ ਨੇੜੇ ਜਵੰਦਾ ਹਾਦਸੇ ਦਾ ਸ਼ਿਕਾਰ ਹੋ ਗਏ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਬਾਈਕ ਸਿੱਧੀ ਪਸ਼ੂ ਨਾਲ ਟਕਰਾਈ ਸੀ। ਨੇੜੇ ਮੌਜੂਦ ਲੋਕਾਂ ਨੇ ਵੀ ਪੁਸ਼ਟੀ ਕੀਤੀ ਕਿ ਉਸ ਸਮੇਂ ਉੱਥੇ ਕੋਈ ਕਾਰ ਨਹੀਂ ਸੀ।
ਸਿਰ ਤੇ ਰੀੜ੍ਹ ਦੀ ਹੱਡੀ ਉਤੇ ਲੱਗੀਆਂ ਸਨ ਡੂੰਘੀਆਂ ਸੱਟਾਂ
ਇਸ ਹਾਦਸੇ ‘ਚ ਰਾਜਵੀਰ ਜਵੰਦਾ ਨੂੰ ਸਿਰ ਅਤੇ ਰੀੜ ਦੀ ਹੱਡੀ ‘ਚ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਪਹਿਲਾਂ ਨਜ਼ਦੀਕੀ ਹਸਪਤਾਲ ਤੇ ਬਾਅਦ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ 11 ਦਿਨ ਤੱਕ ਚੱਲਦਾ ਰਿਹਾ ਅਤੇ ਆਖਿਰਕਾਰ ਉਹ 8 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ।
ਪਰਿਵਾਰ ਸਦਮੇ ਵਿਚ
ਰਾਜਵੀਰ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਜ਼ਿਕਰਯੋਗ ਹੈ ਕਿ ਜਵੰਦਾ ਦੇ ਪਿਤਾ ਪਹਿਲਾਂ ਹੀ ਦੁਨੀਆ ਤੋਂ ਜਾ ਚੁੱਕੇ ਹਨ ਤੇ ਉਹ ਘਰ ਵਿਚ ਇਕਲੌਤੇ ਹੀ ਕਮਾਉਣ ਵਾਲੇ ਸਨ। ਇਸ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।