ਖਬਰਿਸਤਾਨ ਨੈੱਟਵਰਕ- ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਜਲੰਧਰ ਭਾਰਗੋ ਕੈਂਪ ਪੁੱਜੇ, ਜਿਥੇ ਉਨ੍ਹਾਂ ਬੀਤੇ ਦਿਨੀਂ ਲੁੱਟ ਦਾ ਸ਼ਿਕਾਰ ਹੋਏ ਵਿਜੇ ਜਵੈਲਰ ਦੇ ਪਰਿਵਾਰ ਨਾਲ ਘਟਨਾ ਬਾਰੇ ਗੱਲਬਾਤ ਕੀਤੀ। ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਹਰ ਰੋਜ਼ ਦਿਨ-ਦਿਹਾੜੇ ਅਪਰਾਧ ਹੋ ਰਹੇ ਹਨ। ਪੰਜਾਬ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਰਹੀ ਹੈ।
ਭਾਜਪਾ ਆਗੂ ਸ਼ੀਤਲ ਅੰਗੂਰਾਲ ਤੇ ਸੁਸ਼ੀਲ ਰਿੰਕੂ ਵੀ ਪੁੱਜੇ
ਦੱਸ਼ ਦੇਈਏ ਕਿ ਘਟਨਾ ਵਾਲੇ ਦਿਨ ਵੀਰਵਾਰ ਨੂੰ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੀੜਤ ਦੁਕਾਨਦਾਰ ਕੋਲੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਭਾਜਪਾ ਆਗੂ ਸੁਸ਼ੀਲ ਰਿੰਕੂ ਵੀ ਮੌਕੇ ਉਤੇ ਪੁੱਜੇ ਸਨ। ਇਸ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ।
2 ਦਿਨ ਵਿਚ ਇਨਸਾਫ ਨਾ ਮਿਲਿਆ ਤਾਂ ਜਾਮ ਕਰਾਂਗੇ PAP ਚੌਕ
ਵੜਿੰਗ ਨੇ ਕਿਹਾ ਕਿ ਜੇਕਰ ਪੀੜਤ ਪਰਿਵਾਰ ਦਾ ਲੁੱਟਿਆ ਹੋਇਆ ਸਾਮਾਨ 2 ਦਿਨਾਂ ਵਿਚ ਵਾਪਸ ਨਾ ਦਿੱਤਾ ਗਿਆ ਤਾਂ ਜਲੰਧਰ ਵਿਚ ਪੰਜਾਬ ਕਾਂਗਰਸ ਵਪਾਰੀਆਂ ਨੂੰ ਲੈ ਕੇ ਜਲੰਧਰ ਵਿਚ ਚੌਕ ਜਾਮ ਕਰੇਗੀ। ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਪੁਲਸ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਅੰਦਰ ਕਰੇ ਤੇ ਦੁਕਾਨਦਾਰ ਨੂੰ ਜਲਦ ਇਨਸਾਫ ਮਿਲੇ।
ਪੁਲਸ ਪ੍ਰਸ਼ਾਸਨ ਉਤੇ ਵੀ ਚੁੱਕੇ ਸਵਾਲ
ਵੜਿੰਗ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਲਗਾਤਾਰ ਅਸਫਲ ਰਹੀ ਹੈ। ਗੈਂਗਵਾਰ ਆਮ ਹੋ ਰਹੀਆਂ ਹਨ। ਕਈ ਵਾਰ ਕਾਰੋਬਾਰੀਆਂ ਨੂੰ ਦਿਨ-ਦਿਹਾੜੇ ਲੁੱਟਿਆ ਜਾ ਰਿਹਾ ਹੈ। ਲੋਕ ਡਰ ਦੇ ਅਜਿਹੇ ਮਾਹੌਲ ਵਿੱਚ ਕਿਵੇਂ ਕੰਮ ਕਰ ਸਕਦੇ ਹਨ? ਉਨ੍ਹਾਂ ਕਿਹਾ ਕਿ ਜਲੰਧਰ ਪੁਲਿਸ ਵੀ ਲੁੱਟ ਦੀਆਂ ਘਟਨਾਵਾਂ ਨੂੰ ਟਰੇਸ ਕਰਨ ਵਿੱਚ ਲਗਾਤਾਰ ਅਸਫਲ ਰਹੀ ਹੈ।
ਪੀੜਤਾਂ ਵਲੋਂ ਥਾਣੇ ਬਾਹਰ ਰੋਸ ਪ੍ਰਦਰਸ਼ਨ
ਪੀੜਤਾਂ ਵਲੋਂ ਥਾਣੇ ਬਾਹਰ ਰੋਸ ਪ੍ਰਦਰਸ਼ਨ
ਅੱਜ ਭਾਰਗੋ ਕੈਂਪ ਵਿੱਚ ਵਿਜੇ ਜਵੈਲਰ ਦੀ ਦੁਕਾਨ ਵਿੱਚ ਬੰਦੂਕ ਦੀ ਨੋਕ ‘ਤੇ ਹੋਈ ਲੁੱਟ ਦੇ ਮਾਮਲੇ ਵਿੱਚ ਔਰਤਾਂ ਨੇ ਭਾਰਗੋ ਕੈਂਪ ਪੁਲਿਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੁਕਾਨ ਮਾਲਕ ਨੇ ਕਿਹਾ ਕਿ ਸਟੇਸ਼ਨ ਇੰਚਾਰਜ ਨੇ ਉਸਨੂੰ ਬੀਤੇ ਦਿਨ 11 ਵਜੇ ਥਾਣੇ ਬੁਲਾਇਆ ਸੀ ਅਤੇ ਕਿਹਾ ਸੀ ਕਿ ਉਹ 11 ਵਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ ਪਰ ਜਦੋਂ ਉਹ ਥਾਣੇ ਆਇਆ ਤਾਂ ਉਸ ਨੇ ਦੇਖਿਆ ਕਿ ਥਾਣਾ ਖਾਲੀ ਪਿਆ ਸੀ। ਸਟੇਸ਼ਨ ਇੰਚਾਰਜ ਵੀ ਥਾਣੇ ਵਿੱਚ ਮੌਜੂਦ ਨਹੀਂ ਸੀ। ਲੋਕਾਂ ਨੇ ਪੁਲਿਸ ‘ਤੇ ਮੁਲਜ਼ਮਾਂ ਨਾਲ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਵੀ ਕੀਤੀ।