ਖ਼ਬਰਿਸਤਾਨ ਨੈੱਟਵਰਕ: ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ‘ਤੇ ਭਾਰੀ ਹੰਗਾਮਾ ਹੋ ਗਿਆ। ਇੱਕ ਮਹਿਲਾ ਟਿਕਟ ਕਲਰਕ ਖੁੱਲ੍ਹੇ ਪੈਸਿਆਂ ਨੂੰ ਲੈ ਕੇ ਇੱਕ ਯਾਤਰੀ ਨਾਲ ਬਹਿਸ ਹੋ ਗਈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਹਿਲਾ ਮੁਲਾਜ਼ਮ ਯਾਤਰੀ ਨਾਲ ਤਿੱਖੀ ਬਹਿਸ ਕਰਦੀ ਅਤੇ ਉਸ ਨੂੰ ਧਮਕੀਆਂ ਦਿੰਦੀ ਨਜ਼ਰ ਆ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, ਇੱਕ ਯਾਤਰੀ ਟਿਕਟ ਲੈਣ ਲਈ ਕਾਊਂਟਰ ‘ਤੇ ਪਹੁੰਚਿਆ ਸੀ। ਜਦੋਂ ਉਸ ਨੇ 200 ਰੁਪਏ ਦਾ ਨੋਟ ਦਿੱਤਾ ਤਾਂ ਮਹਿਲਾ ਕਲਰਕ ਨੇ ਛੁੱਟੇ ਪੈਸਿਆਂ ਦੀ ਮੰਗ ਕੀਤੀ। ਯਾਤਰੀ ਨੇ ਜਦੋਂ ਕਿਹਾ ਕਿ ਉਸ ਕੋਲ ਹੋਰ ਪੈਸੇ ਨਹੀਂ ਹਨ, ਤਾਂ ਮਹਿਲਾ ਕਲਰਕ ਗੁੱਸੇ ਵਿੱਚ ਆ ਗਈ। ਉਸ ਨੇ ਨਾ ਸਿਰਫ਼ ਯਾਤਰੀ ਨੂੰ ਟਿਕਟ ਦੇਣ ਤੋਂ ਮਨ੍ਹਾ ਕਰ ਦਿੱਤਾ, ਸਗੋਂ ਉਸ ਦੇ ਪੈਸੇ ਵਾਪਸ ਮੋੜਦਿਆਂ ਕਿਹਾ, “ਮੈਂ ਤੈਨੂੰ ਟਿਕਟ ਹੀ ਨਹੀਂ ਦੇਣੀ, ਜੋ ਕਰਨਾ ਕਰ ਲੈ।”
RPF ਦੀ ਦਿੱਤੀ ਧਮਕੀ
ਜਦੋਂ ਯਾਤਰੀ ਨੇ ਮਹਿਲਾ ਮੁਲਾਜ਼ਮ ਦੇ ਇਸ ਮਾੜੇ ਵਿਵਹਾਰ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ, ਤਾਂ ਕਲਰਕ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਤਾਂ ਉਹ RPF (ਰੇਲਵੇ ਸੁਰੱਖਿਆ ਬਲ) ਨੂੰ ਬੁਲਾ ਲਵੇਗੀ। ਯਾਤਰੀ ਦਾ ਇਲਜ਼ਾਮ ਸੀ ਕਿ ਮੁਲਾਜ਼ਮ ਨਾ ਤਾਂ ਆਨਲਾਈਨ ਪੇਮੈਂਟ ਲੈ ਰਹੀ ਸੀ ਅਤੇ ਨਾ ਹੀ ਟਿਕਟ ਦੇ ਰਹੀ ਸੀ।
ਰੇਲਵੇ ਵਿਭਾਗ ਵੱਲੋਂ ਸਖ਼ਤ ਕਾਰਵਾਈ ਦਾ ਭਰੋਸਾ
ਇਹ ਮਾਮਲਾ ਉਦੋਂ ਗਰਮਾਇਆ ਜਦੋਂ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਹ ਵੀਡੀਓ ਰੇਲਵੇ ਮੰਤਰਾਲੇ ਅਤੇ ਫਿਰੋਜ਼ਪੁਰ ਡਿਵੀਜ਼ਨ ਦੇ DRM (ਡਿਵੀਜ਼ਨਲ ਰੇਲਵੇ ਮੈਨੇਜਰ) ਨੂੰ ਟੈਗ ਕਰ ਦਿੱਤੀ। DRM ਨੇ ਤੁਰੰਤ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਵੀ ਰੇਲਵੇ ਕਰਮਚਾਰੀ ਨੂੰ ਯਾਤਰੀਆਂ ਨਾਲ ਬਦਤਮੀਜ਼ੀ ਕਰਨ ਦਾ ਹੱਕ ਨਹੀਂ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਭਰੋਸਾ ਦਿੱਤਾ ਹੈ ਕਿ ਦੋਸ਼ੀ ਮਹਿਲਾ ਕਲਰਕ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।