ਖਬਰਿਸਤਾਨ ਨੈੱਟਵਰਕ– ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿਚ ਭਾਰੀ ਜਾਨੀ ਨੁਕਸਾਨ ਹੋ ਗਿਆ। ਇਕ ਨਿੱਜੀ ਬੱਸ ਸ਼ਿਮਲਾ ਤੋਂ ਕੁਪਵੀ ਜਾ ਰਹੀ ਸੀ ਕਿ ਇਹ ਹਾਦਸਾ ਹਰਿਪੁਰਧਾਰ ਵਿਖੇ ਵਾਪਰ ਗਿਆ।
ਡੂੰਘੀ ਖੱਡ ਵਿਚ ਡਿੱਗੀ ਬੱਸ
ਜਾਣਕਾਰੀ ਅਨੁਸਾਰ ਨਿੱਜੀ ਬੱਸ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ ਤੇ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ ਅੱਠ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।
50 ਤੋਂ ਵੱਧ ਯਾਤਰੀ ਸਵਾਰ ਸਨ
ਰਿਪੋਰਟਾਂ ਅਨੁਸਾਰ, ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 50 ਤੋਂ ਵੱਧ ਯਾਤਰੀ ਸਵਾਰ ਸਨ। ਹਾਦਸੇ ਵਿੱਚ ਕਈ ਯਾਤਰੀ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਦੁਪਹਿਰ 2:45 ਵਜੇ ਦੇ ਕਰੀਬ, ਕੁਪਵੀ ਤੋਂ ਲਗਭਗ 28 ਕਿਲੋਮੀਟਰ ਪੂਰਬ ਵਿੱਚ ਵਾਪਰਿਆ।
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਨਿਵਾਸੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਪੁਲਿਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੀ ਘਟਨਾ ਸਥਾਨ ‘ਤੇ ਭੇਜਿਆ ਗਿਆ। ਸਥਾਨਕ ਨਿਵਾਸੀਆਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਜ਼ਖਮੀਆਂ ਨੂੰ ਨਿੱਜੀ ਵਾਹਨਾਂ ਵਿੱਚ ਹਰਿਪੁਰਧਾਰ ਹਸਪਤਾਲ ਲਿਜਾਇਆ ਜਾ ਰਿਹਾ ਹੈ।