ਰੂਸ-ਯੂਕਰੇਨ ਜੰਗ ਵਿੱਚ ਧੱਕੇ ਨਾਲ ਭਰਤੀ ਹੋਏ ਮਨਦੀਪ ਕੁਮਾਰ ਦੀ ਮ੍ਰਿਤਕ ਦੇਹ ਗੁਰਾਇਆ ਪਹੁੰਚੀ। ਗੋਰਾਇਆ ਕਸਬੇ ਦਾ ਰਹਿਣ ਵਾਲਾ 30 ਸਾਲਾ ਮਨਦੀਪ ਕੁਮਾਰ ਰੂਸ-ਯੂਕਰੇਨ ਜੰਗ ਦੌਰਾਨ ਮਾਰਿਆ ਗਿਆ ਹੈ। ਕਈ ਮਹੀਨਿਆਂ ਤੋਂ ਲਾਪਤਾ ਰਹਿਣ ਤੋਂ ਬਾਅਦ ਹੁਣ ਉਸਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ ਹੈ। ਇਸ ਨਾਲ ਪਰਿਵਾਰ ਅਤੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਪਰਿਵਾਰ ਮੁਤਾਬਕ ਮਨਦੀਪ ਰੁਜ਼ਗਾਰ ਦੀ ਭਾਲ ਵਿੱਚ ਟ੍ਰੈਵਲ ਏਜੰਟਾਂ ਦੇ ਕਹਿਣ ’ਤੇ ਰੂਸ ਗਿਆ ਸੀ। ਉਸਨੂੰ ਚੰਗੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਉੱਥੇ ਪਹੁੰਚ ਕੇ ਉਸਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ।
ਮਨਦੀਪ 17 ਸਤੰਬਰ 2023 ਨੂੰ ਆਪਣੇ ਇੱਕ ਰਿਸ਼ਤੇਦਾਰ ਅਤੇ ਤਿੰਨ ਹੋਰ ਸਾਥੀਆਂ ਨਾਲ ਅੰਮ੍ਰਿਤਸਰ ਤੋਂ ਆਰਮੀਨੀਆ ਗਿਆ ਸੀ। ਉੱਥੇ ਉਹਨਾਂ ਨੇ ਤਿੰਨ ਮਹੀਨੇ ਤੱਕ ਮਜ਼ਦੂਰੀ ਕੀਤੀ। 9 ਦਸੰਬਰ 2023 ਨੂੰ ਉਹ ਸਾਰੇ ਰੂਸ ਪਹੁੰਚੇ। ਕੁਝ ਸਮੇਂ ਬਾਅਦ ਮਨਦੀਪ ਦੇ ਸਾਥੀ ਭਾਰਤ ਵਾਪਸ ਆ ਗਏ, ਪਰ ਮਨਦੀਪ ਰੂਸ ਵਿੱਚ ਹੀ ਰਿਹਾ।
ਪਰਿਵਾਰ ਦਾ ਕਹਿਣਾ ਹੈ ਕਿ ਮਨਦੀਪ ਦਿਵਿਆਂਗ ਸੀ, ਇਸ ਦੇ ਬਾਵਜੂਦ ਉਸਨੂੰ ਫੌਜ ਵਿੱਚ ਭਰਤੀ ਕੀਤਾ ਗਿਆ, ਜੋ ਗੰਭੀਰ ਸਵਾਲ ਖੜੇ ਕਰਦਾ ਹੈ। ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਪੂਰੀ ਜਾਂਚ ਕਰਵਾਉਣਗੇ ਅਤੇ ਵਿਦੇਸ਼ ਮੰਤਰਾਲੇ ਅਤੇ ਰੂਸੀ ਸਰਕਾਰ ਨਾਲ ਸੰਪਰਕ ਕਰਨਗੇ। ਲੋੜ ਪਈ ਤਾਂ ਰੂਸ ਦੀ ਅਦਾਲਤ ਵਿੱਚ ਕੇਸ ਵੀ ਦਰਜ ਕਰਵਾਇਆ ਜਾਵੇਗਾ।