ਵੀਰਵਾਰ, ੪ ਪੋਹ (ਸੰਮਤ ੫੫੭ ਨਾਨਕਸ਼ਾਹੀ)
ਸਲੋਕ ਮਃ ੧ ॥
ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥ ਮਃ ੧ ॥ ਸੋ ਗਿਰਹੀ ਜੋ ਨਿਗ੍ਰਹੁ ਕਰੈ ॥ ਜਪੁ ਤਪੁ ਸੰਜਮੁ ਭੀਖਿਆ ਕਰੈ ॥ ਪੁੰਨ ਦਾਨ ਕਾ ਕਰੇ ਸਰੀਰੁ ॥ ਸੋ ਗਿਰਹੀ ਗੰਗਾ ਕਾ ਨੀਰੁ ॥ ਬੋਲੈ ਈਸਰੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੨॥ ਮਃ ੧ ॥ ਸੋ ਅਉਧੂਤੀ ਜੋ ਧੂਪੈ ਆਪੁ ॥ ਭਿਖਿਆ ਭੋਜਨੁ ਕਰੈ ਸੰਤਾਪੁ ॥ ਅਉਹਠ ਪਟਣ ਮਹਿ ਭੀਖਿਆ ਕਰੈ ॥ ਸੋ ਅਉਧੂਤੀ ਸਿਵ ਪੁਰਿ ਚੜੈ ॥ ਬੋਲੈ ਗੋਰਖੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੩॥ ਮਃ ੧ ॥ ਸੋ ਉਦਾਸੀ ਜਿ ਪਾਲੇ ਉਦਾਸੁ ॥ ਅਰਧ ਉਰਧ ਕਰੇ ਨਿਰੰਜਨ ਵਾਸੁ ॥ ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ਪੜੈ ਨ ਕੰਧੁ ॥ ਬੋਲੈ ਗੋਪੀ ਚੰਦੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੪॥ ਮਃ ੧ ॥ ਸੋ ਪਾਖੰਡੀ ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ ਸੁਪਨੈ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥ ਬੋਲੈ ਚਰਪਟੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੫॥ ਮਃ ੧ ॥ ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥ ਗਗਨ ਮੰਡਲ ਮਹਿ ਰੋਪੈ ਥੰਮੁ ॥ ਅਹਿਨਿਸਿ ਅੰਤਰਿ ਰਹੈ ਧਿਆਨਿ ॥ ਤੇ ਬੈਰਾਗੀ ਸਤ ਸਮਾਨਿ ॥ ਬੋਲੈ ਭਰਥਰਿ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੬॥ ਮਃ ੧ ॥ ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ ਕੰਨ ਪੜਾਇ ਕਿਆ ਖਾਜੈ ਭੁਗਤਿ ॥ ਆਸਤਿ ਨਾਸਤਿ ਏਕੋ ਨਾਉ ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ ਧੂਪ ਛਾਵ ਜੇ ਸਮ ਕਰਿ ਸਹੈ ॥ ਤਾ ਨਾਨਕੁ ਆਖੈ ਗੁਰੁ ਕੋ ਕਹੈ ॥ ਛਿਅ ਵਰਤਾਰੇ ਵਰਤਹਿ ਪੂਤ ॥ ਨਾ ਸੰਸਾਰੀ ਨਾ ਅਉਧੂਤ ॥ ਨਿਰੰਕਾਰਿ ਜੋ ਰਹੈ ਸਮਾਇ ॥ ਕਾਹੇ ਭੀਖਿਆ ਮੰਗਣਿ ਜਾਇ ॥੭॥ ਪਉੜੀ ॥ ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥ ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥ ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥
( ਵਿਆਖਿਆ )
(ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ) । ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ । ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ) । (ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨਿ੍ਹਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ) ।ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ । ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ ।(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ? ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ? ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ।੧।(ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ, ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ; ਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ); ਉਹ ਗ੍ਰਿਹਸਤੀ ਗੰਗਾ ਜਲ (ਵਰਗਾ ਪਵਿਤ੍ਰ) ਹੋ ਜਾਂਦਾ ਹੈ ।ਜੇ ਈਸ਼ਰ (ਜੋਗੀ ਭੀ ਅਸਲ ਗ੍ਰਿਹਸਤੀ ਵਾਲੀ ਇਹ ਜੁਗਤਿ ਵਰਤ ਕੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਭੀ ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ (ਭਾਵ, ਹੇ ਈਸ਼ਰ ਜੋਗੀ! ਜੇ ਤੂੰ ਭੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ ਤਾਂ ਤੂੰ ਭੀ ਪਰਮ ਬ੍ਰਹਮ ਵਿਚ ਇਕ-ਮਿਕ ਹੋ ਜਾਏਂ; ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਏਗੀ) ।੨।(ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ; ਜੋ ਖਿੱਝ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ (ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੇ ਥਾਂ ਖਿੱਝ ਨੂੰ ਛਕ ਜਾਵੇ, ਮੁਕਾ ਦੇਵੇ); ਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗਦਾ ਹੈ, ਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ ।ਜੇ ਗੋਰਖ (ਜੋਗੀ ਭੀ ਇਸ ਅਵਧੂਤ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਗੋਰਖ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ।੩।(ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ, ਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ; (ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ; ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ ।ਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ।੪।(ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ), ਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ, ਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ); ਉਸ ਨਾਸਤਕ ਨੂੰ (ਭਾਵ, ਉਸ ਮਨੁੱਖ ਨੂੰ ਜਿਸ ਨੇ ਆਪਣੇ ਅੰਦਰੋਂ ਪਾਪਾਂ ਦਾ ਨਾਸ ਕਰ ਦਿੱਤਾ ਹੈ) ਬੁਢੇਪਾ ਤੇ ਮੌਤ ਪੋਹ ਨਹੀਂ ਸਕਦੇ (ਭਾਵ, ਇਹਨਾਂ ਦਾ ਡਰ ਉਸ ਨੂੰ ਪੋਂਹਦਾ ਨਹੀਂ) ।ਜੇ ਚਰਪਟ (ਭੀ ਇਸ ਨਾਸਤਕ ਦੀ ਜੁਗਤਿ ਵਰਤ ਕੇ) ਸਤਿ ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਚਰਪਟ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ।੫।(ਅਸਲ) ਵੈਰਾਗੀ ਉਹ ਹੈ ਜੋ ਪ੍ਰਭੂ ਨੂੰ (ਆਪਣੇ ਹਿਰਦੇ ਵਲ) ਪਰਤਾਂਦਾ ਹੈ (ਭਾਵ, ਜੋ ਪ੍ਰਭੂ-ਪਤੀ ਨੂੰ ਆਪਣੀ ਹਿਰਦੇ-ਸੇਜ ਤੇ ਲਿਆ ਵਸਾਂਦਾ ਹੈ), ਜੋ ਪ੍ਰਭੂ ਦਾ ਨਾਮ-ਰੂਪ ਥੰਮ੍ਹ ਦਸਮ ਦੁਆਰਾ (ਰੂਪ ਸ਼ਾਮੀਆਨੇ) ਵਿਚ ਖੜ੍ਹਾ ਕਰਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਇਸ ਤਰ੍ਹਾਂ ਆਪਣਾ ਸਹਾਰਾ ਬਣਾਂਦਾ ਹੈ ਕਿ ਉਸ ਦੀ ਸੁਰਤਿ ਸਦਾ ਉਤਾਂਹ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ, ਹੇਠਾਂ ਮਾਇਕ ਪਦਾਰਥਾਂ ਵਿਚ ਨਹੀਂ ਡਿੱਗਦੀ), ਜੋ ਦਿਨ ਰਾਤ ਆਪਣੇ ਅੰਦਰ ਹੀ (ਭਾਵ, ਹਿਰਦੇ ਵਿਚ ਹੀ) ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ । ਅਜੇਹੇ ਬੈਰਾਗੀ ਪ੍ਰਭੂ ਦਾ ਰੂਪ ਹੋ ਜਾਂਦੇ ਹਨ ।ਜੇ ਭਰਥਰੀ (ਭੀ ਐਸੇ ਬੈਰਾਗੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਭਰਥਰੀ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ।੬।ਕੰਨ ਪੜਵਾ ਕੇ ਚੂਰਮਾ ਖਾਣ ਦਾ ਕੋਈ (ਆਤਮਕ) ਲਾਭ ਨਹੀਂ (ਕਿਉਂਕਿ) ਇਸ ਜੁਗਤਿ ਨਾਲ ਨਾਹ (ਮਨ ਵਿਚੋਂ) ਵਿਕਾਰ ਦੂਰ ਹੁੰਦਾ ਹੈ ਨਾਹ ਹੀ (ਉੱਚਾ) ਜੀਵਨ ਮਿਲਦਾ ਹੈ ।(ਜੇ ਕੋਈ ਪੁੱਛੇ ਕਿ ਜੇ ਕੰਨ ਪੜਵਾਇਆਂ ਮਨ ਨਹੀਂ ਟਿਕਦਾ ਤਾਂ) ਉਹ ਕੇਹੜਾ ਅੱਖਰ ਹੈ ਜਿਸ ਵਿਚ ਹਿਰਦਾ ਜੁੜਿਆ ਰਹਿ ਸਕਦਾ ਹੈ (ਤੇ ਬੁਰਾਈ ਮਿਟ ਜਾਂਦੀ ਹੈ, ਤਾਂ ਇਸ ਦਾ ਉੱਤਰ ਇਹ ਹੈ ਕਿ ਉਹ) ਕੇਵਲ ਉਹੀ (ਪ੍ਰਭੂ ਦਾ) ਨਾਮ ਹੈ ਜੋ ਸੰਸਾਰ ਦੀ ਹੋਂਦ ਤੇ ਅਣਹੋਂਦ ਦੋਹਾਂ ਵੇਲੇ ਮੌਜੂਦ ਹੈ । ਜੇ ਕੋਈ ਮਨੁੱਖ (ਇਸ ‘ਨਾਮ’ ਦੀ ਬਰਕਤਿ ਨਾਲ) ਦੁੱਖ ਤੇ ਸੁਖ ਨੂੰ ਇਕ-ਸਮਾਨ ਸਹਾਰਦਾ ਹੈ ਤਾਂ, ਨਾਨਕ ਆਖਦਾ ਹੈ, ਉਹ ਮਨੁੱਖ ਹੀ (ਅਸਲ ਵਿਚ) ਗੁਰੂ ਨੂੰ ਚੇਤੇ ਰੱਖਦਾ ਹੈ (ਭਾਵ, ਗੁਰੂ ਦੇ ਬਚਨ-ਅਨੁਸਾਰ ਤੁਰਦਾ ਹੈ) ।(ਨਾਥ ਦੇ) ਚੇਲੇ (ਭਾਵ, ਜੋਗੀ ਲੋਕ) (ਜੋ ਨਿਰੇ) ਛੇ ਭੇਖਾਂ ਵਿਚ ਹੀ ਰੁੱਝੇ ਹੋਏ ਹਨ, (ਅਸਲ ਵਿਚ) ਨਾਹ ਉਹ ਗ੍ਰਿਹਸਤੀ ਹਨ ਤੇ ਨਾਹ ਵਿਰਕਤ । ਜੋ ਮਨੁੱਖ ਇਕ ਨਿਰੰਕਾਰ ਵਿਚ ਜੁੜਿਆ ਰਹਿੰਦਾ ਹੈ ਉਹ ਕਿਉਂ ਕਿਤੇ ਖ਼ੈਰ ਮੰਗਣ ਜਾਏ? (ਭਾਵ, ਉਸ ਨੂੰ ਫ਼ਕੀਰ ਬਣਨ ਦੀ ਲੋੜ ਨਹੀਂ ਪੈਂਦੀ, ਹੱਥੀਂ ਕਿਰਤ-ਕਾਰ ਕਰਦਾ ਹੋਇਆ ਭੀ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ) ।੭।(ਉਂਞ ਤਾਂ ਸਾਰੇ ਸਰੀਰ “ਹਰਿ ਮੰਦਰੁ” ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ “ਹਰਿ ਮੰਦਰੁ” ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ; (ਸੋ, ਮਨੁੱਖਾ ਸਰੀਰ ‘ਹਰਿ ਮੰਦਰੁ’ ਹੈ, ਕਿਉਂਕਿ) ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ ।(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ । ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) “ਹਰਿ ਮੰਦਰੁ” ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ ।(ਉਂਞ ਤਾਂ) ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ।੧੨।