ਜਲੰਧਰ ‘ਚ ਚੋਰ ਬਿਨ੍ਹਾਂ ਕਿਸੇ ਡਰ , ਬੇਖੌਫ਼ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉੱਥੇ ਅੱਜ ਸਵੇਰੇ ਸਵੇਰੇ ਮਾਡਲ ਹਾਊਸ ਦੇ ਨੇੜੇ ਨਿਊ ਕਰਤਾਰ ਨਗਰ ਇਲਾਕੇ ‘ਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਸਾਮਾਨ ਤੇ ਕੈਸ਼ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰਗਵ ਕੈਂਪ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ।
ਚੋਰਾਂ ਨੇ ਸਵੇਰੇ ਲੱਗਭਗ 4 ਵਜੇ ਦੇ ਕਰੀਬ 2 ਦੁਕਾਨਾਂ ਨੂੰ ਦੇ ਜਿੰਦੇ ਤੋੜ ਕੇ ਨਕਦ ਅਤੇ ਸਮਾਨ ਚੋਰੀ ਕਰ ਲਿਆ। ਹਾਲਾਂਕਿ ਤੀਜੀ ਦੁਕਾਨ ‘ਚ ਚੋਰੀ ਕਰਨ ‘ਚ ਅਸਫਲ ਰਹੇ। ਚੋਰਾਂ ਵੱਲੋਂ ਤੀਜੀ ਦੁਕਾਨ ਦਾ ਵੀ ਜਿੰਦਾਂ ਤੋੜਿਆ ਗਿਆ ਸੀ, ਪਰ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋਣ ਕਾਰਣ ਉਹ ਚੋਰੀ ਨਹੀਂ ਕਰ ਸਕੇ। ਜਿਸ ਕਾਰਣ ਤੀਜੀ ਦੁਕਾਨ ਦਾ ਨੁਕਸਾਨ ਹੋਣ ਤੋਂ ਬੱਚ ਗਿਆ।
ਇਸ ਘਟਨਾ ਦਾ ਦੁਕਾਨਦਾਰਾਂ ਨੂੰ ਉਦੋਂ ਪਤਾ ਲੱਗਾ ਜਦ ਦੁਕਾਨ ‘ਤੇ ਪਹੁੰਚੇ। ਜਿਸ ਤੋਂ ਬਾਅਦ ਚੋਰੀ ਦੀ ਸੂਚਨਾ ਸ਼ਿਕਾਇਤ ਤੁਰੰਤ ਪੁਲਿਸ ਕੰਟਰੋਲ ਰੂਮ ‘ਚ ਦਰਜ ਕਰਵਾਈ। ਸਲੀਮ ਹੈਅਰ ਸੈਲੂਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਸਿਰਫ਼ ਉਨ੍ਹਾਂ ਦੀ ਦੁਕਾਨ ਨਹੀਂ, ਬਲਕਿ ਸਾਹਮਣੇ ਸਥਿਤ ਇੱਕ ਸਟੇਸ਼ਨਰੀ ਦੁਕਾਨ ਨੂੰ ਵੀ ਨਿਸ਼ਾਨਾ ਬਨਾਇਆ ਅਤੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ।
ਸਲੀਮ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਵੀਰਵਾਰ ਸਵੇਰੇ ਲੱਗਭਗ ਸਾਢੇ 4 ਵਜੇ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਦੁਕਾਨ ਦੇ ਤਾਲੇ ਤੋੜੇ ਹੋਏ ਹਨ। ਮੌਕੇ ‘ਤੇ ਪੁਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਦੁਕਾਨ ਵਿੱਚੋਂ 3500 ਰੁਪਏ ਨਕਦ ਅਤੇ ਇੱਕ ਪ੍ਰੈਸਿੰਗ ਮਸ਼ੀਨ ਚੋਰੀ ਹੋ ਗਈ ਸੀ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਏਐਸਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਦੋ ਐਕਟੀਵਾ ਸਵਾਰ ਨੌਜਵਾਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਥਾਣੇ ਨੇ ਮੌਕੇ ਦੇ ਸੀਸੀਟੀਵੀ ਫੁੱਟੇਜ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।



