ਖ਼ਬਰਿਸਤਾਨ ਨੈੱਟਵਰਕ:ਜਲੰਧਰ ਦੇ ਫੁੱਟਬਾਲ ਚੌਕ ਬਸਤੀ-9 ਦੀ ਰਹਿਣ ਵਾਲੀ ਗਰਜੋਇਆ ਨਾਮਕ ਕਿੰਨਰ ਨੇ ਫੋਰਟਿਸ ਹਸਪਤਾਲ ‘ਤੇ ਪੱਖਪਾਤ ਕਰਨ ਦੇ ਗੰਭੀਰ ਦੋਸ਼ ਲਗਾਇਆ ਹੈ। ਉਸ ਨੇ ਦੱਸਿਆ ਕਿ ਹਸਪਤਾਲ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ ਅਤੇ ਇਸੇ ਸਬੰਧ ਵਿੱਚ ਅੱਜ ਉਹ ਹਸਪਤਾਲ ਆਈ ਸੀ। ਉਸ ਨੇ ਕਿਹਾ ਕਿ ਹਾਊਸ-ਕੀਪਿੰਗ ਇੰਚਾਰਜ ਨਾਲ ਗੱਲਬਾਤ ਦੌਰਾਨ ਪਹਿਲਾਂ ਉਨ੍ਹਾਂ ਨਾਲ ਵਾਸ਼ਰੂਮ ਕਲੀਨਿੰਗ ਦੀ ਨੌਕਰੀ ਦੀ ਗੱਲ ਹੋਈ, ਜਿਸ ਲਈ ਉਹ ਤਿਆਰ ਵੀ ਹੋ ਗਈ ਸੀ। ਪਰ ਬਾਅਦ ਵਿੱਚ ਸਟਾਫ਼ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ “ਕਿੰਨਰ ਇੱਥੇ ਕੰਮ ਨਹੀਂ ਕਰ ਸਕਦੇ” ਅਤੇ ਨੌਕਰੀ ਦੀ ਜਗ੍ਹਾ ਨਾ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਬਾਹਰ ਕੱਢ ਦਿੱਤਾ।
ਗਰਜੋਇਆ ਨੇ ਦੱਸਿਆ ਕਿ ਉਸ ਨੇ 2 ਮਹੀਨੇ ਪਹਿਲਾਂ ਇਸੇ ਹਸਪਤਾਲ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ (ਉਸ ਸਮੇਂ ਹਸਪਤਾਲ ਦਾ ਨਾਮ ਸ੍ਰੀਮਨ ਸੀ)। ਉਸ ਸਮੇਂ ਦੀਪਕ ਨਾਮਕ ਵਿਅਕਤੀ ਨੇ ਉਸ ਦਾ ਨੰਬਰ ਲੈ ਕੇ ਨੌਕਰੀ ਦਾ ਭਰੋਸਾ ਦਿੱਤਾ ਸੀ, ਪਰ ਬਾਅਦ ਵਿੱਚ ਉਹ ਗਲਤ ਮੈਸੇਜ ਕਰਨ ਲੱਗ ਪਿਆ, ਜਿਸ ਕਾਰਨ ਗਰਜੋਇਆ ਨੇ ਨੌਕਰੀ ਤੋਂ ਮਨ੍ਹਾ ਕਰ ਦਿੱਤਾ ਸੀ।ਗਰਜੋਇਆ ਮੁਤਾਬਕ, ਹੁਣ ਫੋਰਟਿਸ ਹਸਪਤਾਲ ਵੱਲੋਂ ਖੁਦ ਉਸ ਨੂੰ ਨੌਕਰੀ ਲਈ ਬੁਲਾਇਆ ਗਿਆ ਸੀ। ਪਰ ਅੱਜ ਉਸ ਨੂੰ ਇਹ ਕਹਿ ਕਿ ਵਾਪਸ ਭੇਜਿਆ ਗਿਆ ਕਿ ਹੁਣ ਕੰਮ ਲਈ ਕੋਈ ਵੇਕੰਸੀ ਨਹੀਂ ਹੈ।
ਭੀਖ ਮੰਗੀਏ ਤਾਂ ਵਿਰੋਧ, ਨੌਕਰੀ ਮੰਗੀਏ ਤਾਂ ਮਿਲਦੀ ਨਹੀਂ
ਗਰਜੋਇਆ ਨੇ ਕਿਹਾ ਕਿ ਉਹ 12ਵੀਂ ਪਾਸ ਹੈ ਅਤੇ 2019 ਦੇ ਐਕਟ ਅਨੁਸਾਰ ਕਿੰਨਰ ਨੌਕਰੀ ਕਰ ਸਕਦੇ ਹਨ। ਉਸ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਕਿੰਨਰ ਭੀਖ ਮੰਗਦੇ ਹਨ ਤਾਂ ਲੋਕ ਵਿਰੋਧ ਕਰਦੇ ਹਨ, ਪਰ ਜੇਕਰ ਉਹ ਪੜ੍ਹ-ਲਿਖ ਕੇ ਨੌਕਰੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਗਰਜੋਇਆ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰੇਗੀ ਕਿਉਂਕਿ ਉਸ ਨਾਲ ਇਹ ਦੂਜੀ ਵਾਰ ਹੋਇਆ ਹੈ। ਫਿਲਹਾਲ ਇਸ ਮਾਮਲੇ ਬਾਰੇ ਹਸਪਤਾਲ ਦੇ ਸਟਾਫ਼ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।