ਖ਼ਬਰਿਸਤਾਨ ਨੈੱਟਵਰਕ: ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਸਿੱਧਾ ਅਸਰ ਹੁਣ ਭਾਰਤ ਦੀ ਰਸੋਈ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ LPG ਸਿਲੰਡਰ ਲਈ ਲੰਬੀਆਂ ਲਾਈਨਾਂ ਵਿੱਚ ਲੱਗੇ ਹੋਏ ਹਨ। ਪੰਜਾਬ, ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਕਮਰਸ਼ੀਅਲ ਗੈਸ ਦੀ ਸਪਲਾਈ ਰੁਕਣ ਕਾਰਨ ਹੋਟਲਾਂ ਅਤੇ ਰੈਸਟੋਰੈਂਟਾਂ ਨੇ ਆਪਣੇ ਮੀਨੂ ਘਟਾ ਦਿੱਤੇ ਹਨ।
ਪੰਜਾਬ ‘ਚ ਵਿਆਹਾਂ ‘ਤੇ ਪਵੇਗਾ ਅਸਰ
ਪੰਜਾਬ ਵਿੱਚ ਕਮਰਸ਼ੀਅਲ LPG ਸਿਲੰਡਰਾਂ ਦੀ ਸਪਲਾਈ ਲਗਭਗ ਠੱਪ ਹੋ ਚੁੱਕੀ ਹੈ ਅਤੇ ਸੂਬੇ ਵਿੱਚ ਸਿਰਫ਼ 2 ਤੋਂ 3 ਦਿਨਾਂ ਦਾ ਸਟਾਕ ਬਾਕੀ ਰਹਿ ਗਿਆ ਹੈ। ਇਸ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਕਰੀਬ 10 ਹਜ਼ਾਰ ਵਿਆਹਾਂ ‘ਤੇ ਪੈ ਸਕਦਾ ਹੈ, ਜਿੱਥੇ ਖਾਣੇ ਦੀਆਂ Variety ਘੱਟ ਹੋਣ ਦੀ ਸੰਭਾਵਨਾ ਹੈ। ਗੈਸ ਏਜੰਸੀਆਂ ਪਹਿਲਾਂ ਪੁਰਾਣੀ ਬੁਕਿੰਗ ਕਲੀਅਰ ਕਰ ਰਹੀਆਂ ਹਨ, ਜਿਸ ਕਾਰਨ 7-8 ਦਿਨਾਂ ਦੀ ਵੇਟਿੰਗ ਚੱਲ ਰਹੀ ਹੈ।
ਜਲੰਧਰ ‘ਚ ਕਾਲਾਬਾਜ਼ਾਰੀ: 3500 ‘ਚ ਮਿਲ ਰਿਹਾ ਸਿਲੰਡਰ
ਜਲੰਧਰ ਵਿੱਚ ਘਰੇਲੂ ਅਤੇ ਕਮਰਸ਼ੀਅਲ ਗੈਸ ਦੀ ਭਾਰੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਘਰੇਲੂ ਉਪਭੋਗਤਾਵਾਂ ਨੂੰ ਹੁਣ ਮਹੀਨੇ ਵਿੱਚ ਸਿਰਫ਼ ਇੱਕ ਵਾਰ ਬੁਕਿੰਗ ਦੀ ਇਜਾਜ਼ਤ ਮਿਲ ਰਹੀ ਹੈ। ਦੂਜੇ ਪਾਸੇ, ਕਮਰਸ਼ੀਅਲ ਸਪਲਾਈ ਬੰਦ ਹੋਣ ਕਾਰਨ ਲੋਕ ਬਲੈਕ ਵਿੱਚ ਸਿਲੰਡਰ ਖਰੀਦਣ ਲਈ ਮਜਬੂਰ ਹਨ। 10 ਦਿਨ ਪਹਿਲਾਂ ਜੋ ਸਿਲੰਡਰ 1600 ਰੁਪਏ ਦਾ ਸੀ, ਉਹ ਹੁਣ 3500 ਰੁਪਏ ਤੱਕ ਵਿਕ ਰਿਹਾ ਹੈ।
ਸਰਵਰ ਡਾਊਨ ਹੋਣ ਕਾਰਨ ਵਧੀ ਮੁਸ਼ਕਲ
ਲੁਧਿਆਣਾ ਅਤੇ ਫ਼ਰੀਦਕੋਟ ਵਿੱਚ ਸਰਵਰ ਡਾਊਨ ਹੋਣ ਕਾਰਨ ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਨਹੀਂ ਹੋ ਪਾ ਰਹੀ। ਇਸ ਤੋਂ ਇਲਾਵਾ ਫ਼ਰੀਦਕੋਟ, ਹੁਸ਼ਿਆਰਪੁਰ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਤੋਂ ਕਮਰਸ਼ੀਅਲ ਸਪਲਾਈ ਪੂਰੀ ਤਰ੍ਹਾਂ ਬੰਦ ਹੈ।