ਸਾਲ 2025 ਖਤਮ ਹੋਣ ਵਾਲਾ ਹੈ ਅਤੇ ਦੁਨੀਆ 2026 ਦੇ ਜਸ਼ਨ ਦੀਆਂ ਤਿਆਰੀਆਂ ਵਿੱਚ ਜੁਟੀ ਹੈ। ਬੀਤਿਆ ਸਾਲ ਤਕਨੀਕੀ ਤਰੱਕੀ ਅਤੇ ਸਹੂਲਤਾਂ ਦੇ ਲਿਹਾਜ਼ ਨਾਲ ਭਾਵੇਂ ਬਿਹਤਰ ਰਿਹਾ ਹੋਵੇ, ਪਰ ਭਾਰਤ ਦੇ ਕਈ ਹਿੱਸਿਆਂ ਵਿੱਚ ਇਹ ਸਾਲ ਸੈਂਕੜੇ ਲੋਕਾਂ ਲਈ ਦਰਦ ਅਤੇ ਤਰਾਸਦੀ ਲੈ ਕੇ ਆਇਆ। ਮਹਾਕੁੰਭ ਤੋਂ ਸ਼ੁਰੂ ਹੋ ਕੇ ਵੱਡੇ ਹਾਦਸਿਆਂ ਅਤੇ ਦੋ ਭਿਆਨਕ ਅੱਤਵਾਦੀ ਹਮਲਿਆਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ।
ਮਹਾਕੁੰਭ ਭਗਦੜ, ਪ੍ਰਯਾਗਰਾਜ
29 ਜਨਵਰੀ 2025 ਨੂੰ ਮੌਨੀ ਅਮਾਵਸਿਆ ਦੇ ਦਿਨ ਪ੍ਰਯਾਗਰਾਜ ਮਹਾਕੁੰਭ ਵਿੱਚ ਤੜਕੇ ਭਗਦੜ ਮਚ ਗਈ। ਅਖਾੜਾ ਮਾਰਗ ‘ਤੇ ਬੈਰੀਕੇਡ ਟੁੱਟਣ ਕਾਰਨ ਤੰਗ ਰਸਤਿਆਂ ਵਿੱਚ ਸ਼ਰਧਾਲੂ ਕੁਚਲੇ ਗਏ। ਇਸ ਹਾਦਸੇ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋਈ ਅਤੇ ਕਰੀਬ 60 ਲੋਕ ਜ਼ਖਮੀ ਹੋਏ। ਬਾਅਦ ਵਿੱਚ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ।

ਨਵੀਂ ਦਿੱਲੀ ਰੇਲਵੇ ਸਟੇਸ਼ਨ ਹਾਦਸਾ
15 ਫਰਵਰੀ 2025 ਨੂੰ ਮਹਾਕੁੰਭ ਯਾਤਰੀਆਂ ਦੀ ਭਾਰੀ ਭੀੜ ਕਾਰਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਫੁੱਟਓਵਰ ਬ੍ਰਿਜ ‘ਤੇ ਭਗਦੜ ਮਚ ਗਈ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਅਤੇ 15 ਲੋਕ ਜ਼ਖਮੀ ਹੋਏ। ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਅਤੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ।


ਪਹਿਲਗਾਮ ਅੱਤਵਾਦੀ ਹਮਲਾ
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਅੱਤਵਾਦੀਆਂ ਨੇ ਹਮਲਾ ਕਰਕੇ 26 ਲੋਕਾਂ ਦੀ ਜਾਨ ਲੈ ਲਈ। ਇਸ ਦੇ ਜਵਾਬ ਵਿੱਚ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਤਹਿਤ LoC/PoK ਦੇ ਪਾਰ ਅੱਤਵਾਦੀ ਟਿਕਾਣਿਆਂ ‘ਤੇ ਸਟੀਕ ਕਾਰਵਾਈ ਕੀਤੀ।

ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸਾ
12 ਜੂਨ 2025 ਨੂੰ ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਫਲਾਈਟ AI171 ਟੇਕਓਫ ਤੋਂ ਬਾਅਦ ਅਹਿਮਦਾਬਾਦ ਵਿੱਚ ਕ੍ਰੈਸ਼ ਹੋ ਗਈ। ਜਹਾਜ਼ ਵਿੱਚ ਸਵਾਰ 242 ਵਿੱਚੋਂ 241 ਅਤੇ ਜ਼ਮੀਨ ‘ਤੇ ਮੌਜੂਦ 39 ਲੋਕਾਂ ਸਮੇਤ ਕੁੱਲ 280 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਵਿੱਚ ਤਕਨੀਕੀ ਖਰਾਬੀ ਸਾਹਮਣੇ ਆਈ।


ਐਮ.ਪੀ. ਵਿੱਚ ਜ਼ਹਿਰੀਲਾ ਕਫ ਸਿਰਪ ਮਾਮਲਾ
ਅਕਤੂਬਰ 2025 ਵਿੱਚ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਜ਼ਹਿਰੀਲੇ ਕਫ ਸਿਰਪ ਕਾਰਨ 14-17 ਬੱਚਿਆਂ ਦੀ ਕਿਡਨੀ ਫੇਲ ਹੋ ਗਈ। ਦਵਾਈ ‘ਤੇ ਪਾਬੰਦੀ ਲਗਾਈ ਗਈ ਅਤੇ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ।

ਪੰਜਾਬ ‘ਚ ਹੜ੍ਹਾਂ ਦੀ ਮਾਰ
ਪੰਜਾਬ ਵਿੱਚ ਸਾਲ 2025 ਦਾ ਇਹ ਭਿਆਨਕ ਹੜ੍ਹ ਮੁੱਖ ਤੌਰ ‘ਤੇ ਜੁਲਾਈ ਦੇ ਦੂਜੇ ਹਫ਼ਤੇ ਤੋਂ ਅਗਸਤ ਦੇ ਪਹਿਲੇ ਹਫ਼ਤੇ ਦੇ ਦਰਮਿਆਨ ਆਇਆ ਸੀ।ਲਗਭਗ 25 ਤੋਂ 30 ਛੋਟੇ ਪੁਲ ਅਤੇ ਸੜਕਾਂ ਰੁੜ੍ਹ ਗਈਆਂ, ਜਿਸ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਸ਼ਹਿਰਾਂ ਨਾਲੋਂ ਟੁੱਟ ਗਿਆ।

6 ਤੋਂ ਵੱਧ ਜ਼ਿਲ੍ਹਿਆਂ ਵਿੱਚ ਲਗਭਗ 1.5 ਲੱਖ ਤੋਂ 2 ਲੱਖ ਏਕੜ ਫ਼ਸਲ (ਮੁੱਖ ਤੌਰ ‘ਤੇ ਝੋਨਾ ਅਤੇ ਨਰਮਾ) ਪਾਣੀ ਵਿੱਚ ਡੁੱਬ ਗਈ।ਲਗਭਗ 450 ਤੋਂ 500 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਜ਼ਿਆਦਾਤਰ ਕੱਚੇ ਘਰ ਅਤੇ ਦਰਿਆਵਾਂ ਦੇ ਕੰਢੇ ਬਣੇ ਮਕਾਨ। ਹੜ੍ਹਾਂ ਅਤੇ ਮਕਾਨ ਡਿੱਗਣ ਕਾਰਨ ਪੂਰੇ ਸੂਬੇ ਵਿੱਚ ਕੁੱਲ 12 ਤੋਂ 15 ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ, ਹੜ੍ਹ ਦੇ ਪਾਣੀ ਵਿੱਚ ਰੁੜ੍ਹਨ ਕਾਰਨ 200 ਤੋਂ ਵੱਧ ਪਸ਼ੂਆਂ ਦੇ ਮਾਰੇ ਗਏ।

ਲਾਲ ਕਿਲ੍ਹੇ ਨੇੜੇ ਕਾਰ ਬਲਾਸਟ
9 ਨਵੰਬਰ, 2025 ਨੂੰ, ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਅੱਤਵਾਦੀ ਹਮਲਾ ਹੋਇਆ। ਸ਼ਾਮ 6:52 ਵਜੇ, ਇੱਕ ਕਾਰ ਧਮਾਕੇ ਵਿੱਚ 13 ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਇਹ ਧਮਾਕਾ ਇੱਕ ਸਿਗਨਲ ‘ਤੇ ਹੌਲੀ-ਹੌਲੀ ਚੱਲ ਰਹੇ ਇੱਕ ਵਾਹਨ ਵਿੱਚ ਹੋਇਆ, ਜਿਸ ਨਾਲ ਰਾਹਗੀਰ ਜ਼ਖਮੀ ਹੋ ਗਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ।

ਦਿੱਲੀ ਪੁਲਿਸ, ਐਨਐਸਜੀ ਅਤੇ ਐਫਐਸਐਲ ਨੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਅਤੇ ਸਬੂਤ ਇਕੱਠੇ ਕੀਤੇ। ਐਨਆਈਏ ਨੇ ਖੁਫੀਆ ਜਾਣਕਾਰੀ ਅਤੇ ਪੁਲਿਸ ਦੇ ਸਹਿਯੋਗ ਨਾਲ ਜਾਂਚ ਕੀਤੀ। ਨੌਂ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਅਦ ਵਿੱਚ ਅਦਾਲਤ ਨੇ ਜੇਲ੍ਹ ਭੇਜ ਦਿੱਤਾ।
