ਪੰਜਾਬ ਦੇ ਮਸ਼ਹੂਰ ਗਾਇਕ ਅਤੇ ਰੈਪਰ ਯੋ-ਯੋ ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਦਿੱਲੀ ਵਿੱਚ ਹੋਏ ਇੱਕ ਕੰਸਰਟ ਦੌਰਾਨ ਉਨ੍ਹਾਂ ਵੱਲੋਂ ਸਰੇਆਮ ਅਸ਼ਲੀਲ ਗੱਲਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਮਲਾ ਵਧਦਾ ਦੇਖ ਹੁਣ ਹਨੀ ਸਿੰਘ ਨੇ ਇਸ ਲਈ ਮਾਫ਼ੀ ਮੰਗੀ ਹੈ।
ਪੋਸਟ ਕਰ ਕੇ ਮੰਗੀ ਮਾਫ਼ੀ, ਕਿਹਾ – ਇਨਸਾਨ ਗਲਤੀਆਂ ਦਾ ਪੁਤਲਾ ਹੈ
ਹਨੀ ਸਿੰਘ ਨੇ ਇੰਸਟਾਗ੍ਰਾਮ ‘ਤੇ ਆਪਣੀ ਵੀਡੀਓ ਪੋਸਟ ਕਰਦੇ ਹੋਏ ਸਫਾਈ ਦਿੱਤੀ। ਉਨ੍ਹਾਂ ਕਿਹਾ, “ਮੈਂ ਨਨਕੂ ਅਤੇ ਕਰਨ ਦੇ ਸ਼ੋਅ ‘ਤੇ ਸਿਰਫ਼ ਇੱਕ ਗੈਸਟ ਸੀ। ਜਦੋਂ ਮੈਂ ਸ਼ੋਅ ‘ਚ ਗਿਆ ਤਾਂ ਉੱਥੇ ਜੈਨ-ਜ਼ੀ (Gen-Z) ਆਡੀਅੰਸ ਸੀ। ਮੈਂ ਸੋਚਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਕੋਈ ਸੰਦੇਸ਼ ਦਿੱਤਾ ਜਾਵੇ। ਮੈਂ ਸੋਚਿਆ ਕਿ ਜੇ ਓਟੀਟੀ ਦੀ ਭਾਸ਼ਾ ਵਿੱਚ ਨੌਜਵਾਨਾਂ ਨਾਲ ਗੱਲ ਕਰਾਂਗਾ ਤਾਂ ਉਹਨਾਂ ਨੂੰ ਵਧੀਆ ਸਮਝ ਆਵੇਗੀ। ਪਰ ਉਹ ਭਾਸ਼ਾ ਕਈਆਂ ਨੂੰ ਬੁਰੀ ਲੱਗੀ। ਮੈਂ ਉਹਨਾਂ ਸਭ ਤੋਂ ਮਾਫ਼ੀ ਮੰਗਦਾ ਹਾਂ ਜਿਨ੍ਹਾਂ ਨੂੰ ਮੇਰੀ ਭਾਸ਼ਾ ਚੰਗੀ ਨਹੀਂ ਲੱਗੀ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਤੋਂ ਬਾਅਦ ਅਜਿਹੀ ਗਲਤੀ ਦੁਬਾਰਾ ਨਾ ਹੋਵੇ।”
ਪਹਿਲਾਂ ਵੀ ਵਿਵਾਦਾਂ ਵਿੱਚ ਰਹੇ ਹਨ ਹਨੀ ਸਿੰਘ
ਇਸ ਤੋਂ ਪਹਿਲਾਂ ਵੀ ਹਨੀ ਸਿੰਘ ਆਪਣੇ ਗਾਣਿਆਂ ਵਿੱਚ ਅਸ਼ਲੀਲ ਸ਼ਬਦਾਂ ਅਤੇ ਡਾਂਸ ਨੂੰ ਲੈ ਕੇ ਕਈ ਵਾਰ ਵਿਵਾਦਾਂ ‘ਚ ਰਹਿ ਚੁੱਕੇ ਹਨ। ਹਾਲਾਂਕਿ 2014 ਤੋਂ 2018 ਤੱਕ ਉਹ ਮਿਊਜ਼ਿਕ ਇੰਡਸਟਰੀ ਤੋਂ ਗਾਇਬ ਰਹੇ। ਬਾਅਦ ਵਿੱਚ ਉਨ੍ਹਾਂ ਇਸ ਦੀ ਵਜ੍ਹਾ ਡਿਪ੍ਰੈਸ਼ਨ ਅਤੇ ਮਾਨਸਿਕ ਸਮੱਸਿਆਵਾਂ ਦੱਸੀਆਂ ਸਨ। ਕੁਝ ਦਿਨ ਪਹਿਲਾਂ ਹੀ ਹਨੀ ਸਿੰਘ ਦੇ ਇੱਕ ਪੁਰਾਣੇ ਗੀਤ ਨੂੰ ਲੈ ਕੇ ਜਲੰਧਰ ਦੇ ਇੱਕ ਭਾਜਪਾ ਨੇਤਾ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਭੇਜੀ ਗਈ ਸੀ, ਜਿਸ ਵਿੱਚ ਗੀਤ ਵਿੱਚ ਦਿਖਾਏ ਗਏ ਅਸ਼ਲੀਲ ਡਾਂਸ ਅਤੇ ਬਿਕਨੀ ਪਹਿਨੀਆਂ ਕੁੜੀਆਂ ‘ਤੇ ਕੜਾ ਇਤਰਾਜ਼ ਜਤਾਇਆ ਗਿਆ ਸੀ।



