ਹੁਸ਼ਿਆਰਪੁਰ 'ਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਵਾਰੀਆਂ ਨਾਲ ਭਰੀ ਬੱਸ ਤੇ ਸੀਮਿੰਟ ਮਿਕਸਰ ਟਰੱਕ ਵਿਚਾਲੇ ਟੱਕਰ ਹੋ ਗਈ। ਜਿਸ 'ਚ 16 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਟਾਂਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਅਤੇ ਉਨ੍ਹਾਂ ਨੂੰ ਦੂਜੇ ਹਸਪਤਾਲ 'ਚ ਰੈਫਰ ਕੀਤਾ ਜਾ ਰਿਹਾ ਹੈ।
ਪਠਾਨਕੋਟ ਤੋਂ ਜਲੰਧਰ ਆ ਰਹੀ ਸੀ ਬੱਸ
ਦੱਸਿਆ ਜਾ ਰਿਹਾ ਹੈ ਕਿ ਜਗਰਾਉਂ ਡਿਪੂ ਦੀ ਪੰਜਾਬ ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ। ਜਦੋਂ ਬੱਸ ਹੁਸ਼ਿਆਰਪੁਰ ਦੇ ਟਾਂਡਾ ਅੱਡਾ ਖੁੱਡਾ ਨੇੜੇ ਪਹੁੰਚੀ ਤਾਂ ਸੀਮਿੰਟ ਮਿਕਸਰ ਨਾਲ ਟਕਰਾ ਗਈ। ਜਿਸ 'ਚ ਸਵਾਰੀਆਂ ਲਹੂ-ਲੁਹਾਨ ਹੋ ਗਈਆਂ ਅਤੇ ਹਾਈਵੇ 'ਤੇ ਰੌਲਾ ਪੈ ਗਿਆ।
ਐਸਐਸਐਫ ਦੀ ਮਦਦ ਨਾਲ ਪਹੁੰਚਾਇਆ ਗਿਆ ਹਸਪਤਾਲ
ਹਾਦਸੇ ਤੋਂ ਤੁਰੰਤ ਬਾਅਦ ਰੋਡ ਸੇਫਟੀ ਫੋਰਸ (ਐੱਸ. ਐੱਸ. ਐੱਫ.) ਦੀ ਟੀਮ ਮੌਕੇ 'ਤੇ ਪਹੁੰਚੀ । ਉਨ੍ਹਾਂ ਨੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਟਾਂਡਾ ਅਤੇ ਦਸੂਹਾ ਦੇ ਸਿਵਲ ਹਸਪਤਾਲਾਂ ਵਿਚ ਦਾਖਲ ਕਰਵਾਇਆ। ਕਈ ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਰ ਉਹ ਖਤਰੇ ਤੋਂ ਬਾਹਰ ਹਨ।
ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹਾਦਸਾ
ਬੱਸ ਸਵਾਰੀਆਂ ਅਨੁਸਾਰ ਇਹ ਹਾਦਸਾ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਕਿਉਂਕਿ ਬੱਸ ਡਰਾਈਵਰ ਬੱਸ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਸੀਮਿੰਟ ਦਾ ਮਿਕਸਰ ਅਚਾਨਕ ਸਾਹਮਣੇ ਆਉਂਦਾ ਦੇਖ ਡਰਾਈਵਰ ਬ੍ਰੇਕ ਨਹੀਂ ਲਗਾ ਸਕਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ।