ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਅੱਡਾ ਖੁੱਡਾ ਨੇੜੇ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ 4 ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਪਰ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਪਰ ਕੁਝ ਲੋਕ ਜ਼ਖਮੀ ਜ਼ਰੂਰ ਹੋਏ ਹਨ।
ਬੇਕਾਬੂ ਹੋ ਕੇ ਕਾਰ 'ਤੇ ਪਲਟਿਆ ਟਿੱਪਰ
ਜਾਣਕਾਰੀ ਅਨੁਸਾਰ 2 ਟਿੱਪਰ ਪਠਾਨਕੋਟ ਜਾ ਰਹੇ ਸਨ। ਇਸ ਦੌਰਾਨ ਇੱਕ ਟਿੱਪਰ ਦੇ ਡਰਾਈਵਰ ਨੇ 'ਆਪਣਾ ਕੰਟਰੋਲ ਗੁਆ ਲਿਆ ਅਤੇ ਬੇਕਾਬੂ ਹੋ ਕੇ ਦੂਜੇ ਟਿੱਪਰ ਨਾਲ ਟਕਰਾ ਗਿਆ। ਜਿਸ ਕਾਰਨ ਦੂਜਾ ਟਿੱਪਰ ਚੱਲਦੀ ਕਾਰ 'ਤੇ ਪਲਟ ਗਿਆ। ਜਿਸ 'ਚ ਕਾਰ 'ਚ ਬੈਠੇ ਵਿਅਕਤੀ ਵਾਲ-ਵਾਲ ਬਚ ਗਏ।
ਟਿੱਪਰ ਨਾਲ ਟਕਰਾਈ ਰੋਡਵੇਜ਼ ਬੱਸ
ਇਸ ਤੋਂ ਬਾਅਦ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਟਿੱਪਰ ਨਾਲ ਟਕਰਾ ਗਈ। ਟਿੱਪਰ ਨਾਲ ਟਕਰਾਉਣ ਤੋਂ ਬਾਅਦ ਬੱਸ ਸਵਾਰੀਆਂ ਵਿੱਚ ਹਾਹਾਕਾਰ ਮੱਚ ਗਈ। ਹਾਲਾਂਕਿ ਇਸ ਹਾਦਸੇ ਵਿੱਚ ਬੱਸ ਦੀਆਂ ਸਵਾਰੀਆਂ ਦਾ ਵੀ ਬਚਾਅ ਹੋ ਗਿਆ ਅਤੇ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ।
ਐਸਐਸਐਫ ਦੀ ਟੀਮ ਨੇ ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਦਾਖ਼ਲ
ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਅਤੇ ਹਾਈਵੇਅ ’ਤੇ ਲੱਗੇ ਜਾਮ ਨੂੰ ਵੀ ਸਾਫ਼ ਕਰਵਾਇਆ। ਟਾਂਡਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।