ਮਨੀਲਾ ਤੋਂ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (26) ਵਜੋਂ ਹੋਈ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੇ ਪਿੰਡ ਬੁਰਜ ਨੱਕਲੀ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 2017 'ਚ ਵਿਦੇਸ਼ ਗਿਆ ਸੀ। ਨੌਜਵਾਨ ਦੀ ਮੌਤ ਕਾਰਨ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ |
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਨੇ ਅਗਲੇ ਸਾਲ ਜਨਵਰੀ 'ਚ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਉਣਾ ਸੀ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖਬਰ ਆ ਗਈ।
ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਨੇ ਦੱਸਿਆ ਕਿ 19 ਨਵੰਬਰ ਨੂੰ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਮਾਸੀ ਦੇ ਲੜਕੇ ਦਾ ਵਿਆਹ ਸੀ ਅਤੇ ਉਸ ਨੇ 4-5 ਘੰਟੇ ਮੋਬਾਈਲ ਫੋਨ ਰਾਹੀਂ ਲਾਈਵ ਵਿਆਹ ਦਾ ਆਨੰਦ ਮਾਣਿਆ, ਸ਼ਾਮ ਨੂੰ ਜਦੋਂ ਉਨ੍ਹਾਂ ਨੇ ਗੁਰਪ੍ਰੀਤ ਨੂੰ ਫ਼ੋਨ ਕੀਤਾ ਤਾਂ ਉਸ ਨੇ ਫ਼ੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਉਸਦੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਉਸਦੀ ਮੌਤ ਹੋ ਗਈ ਹੈ।
ਜੂਡੋ-ਕਰਾਟੇ ਦਾ ਸੀ ਚੰਗਾ ਖਿਡਾਰੀ
ਜਗਰੂਪ ਸਿੰਘ ਅਤੇ ਮਾਤਾ ਗੁਰਮੀਤ ਸਿੰਘ ਨੇ ਜੂਡੋ-ਕਰਾਟੇ ਵਿੱਚ ਆਪਣੇ ਵੱਲੋਂ ਜਿੱਤੇ ਤਗਮੇ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਜੂਡੋ-ਕਰਾਟੇ ਦਾ ਬਹੁਤ ਵਧੀਆ ਖਿਡਾਰੀ ਸੀ। ਉਹ ਰਾਸ਼ਟਰੀ ਪੱਧਰ ਤੱਕ ਖੇਡ ਚੁੱਕਿਆ ਹੈ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਖਰੀ ਵਾਰ ਉਸਦਾ ਚਿਹਰਾ ਦੇਖ ਸਕਣ।