ਪੰਜਾਬ ਦੇ ਨੰਗਲ 'ਚ ਸਵਾ ਸਾਲ ਦੇ ਮਾਸੂਮ ਬੱਚੇ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਸੂਮ ਬੱਚਾ ਖੇਡਦੇ ਹੋਏ ਬਾਥਰੂਮ ਵਿੱਚ ਚਲਾ ਗਿਆ ਅਤੇ ਪਾਣੀ ਨਾਲ ਭਰੀ ਬਾਲਟੀ ਵਿੱਚ ਡੁੱਬ ਗਿਆ। ਪਰਿਵਾਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਾ ਕਿ ਬੱਚਾ ਕਦੋਂ ਪਾਣੀ ਦੀ ਬਾਲਟੀ ਵਿੱਚ ਡਿੱਗ ਪਿਆ ਤੇ ਬੱਚੇ ਦਾ ਸਿਰ ਹੇਠਾਂ ਹੋ ਗਿਆ, ਜਿਸ ਕਾਰਣ ਬੱਚੇ ਦੀ ਮੌਤ ਹੋ ਗਈ।
ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ
ਪਰਿਵਾਰ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਕੁਝ ਸਮੇਂ ਬਾਅਦ ਕਿਸੇ ਹੋਰ ਬੱਚੇ ਨੇ ਉਸ ਨੂੰ ਦੇਖਿਆ। ਲੜਕੀ ਨੇ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ। ਬੱਚੇ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਹਾਲਾਂਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਬੱਚੇ ਦੀ ਮੌਤ ਤੋਂ ਬਾਅਦ ਜਦੋਂ ਆਸ-ਪਾਸ ਦੇ ਲੋਕਾਂ ਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਤੋਂ ਪਹਿਲਾਂ ਵੀ ਪਾਣੀ ਨਾਲ ਭਰੀਆਂ ਬਾਲਟੀਆਂ 'ਚ ਡੁੱਬਣ ਨਾਲ ਬੱਚਿਆਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ,ਇਸ ਲਈ ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਦਾ ਘਰ 'ਚ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਮਾਪੇ ਛੋਟੇ ਬੱਚਿਆਂ ਦਾ ਰੱਖਣ ਖਾਸ ਧਿਆਨ
ਅਕਸਰ ਅਜਿਹੀਆਂ ਖਬਰਾਂ ਵਾਰ-ਵਾਰ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੇ ਬੱਚੇ ਖੇਡਾਂ ਖੇਡਦੇ ਹੋਏ ਪਾਣੀ ਦੀ ਬਾਲਟੀ ਵਿਚ ਡਿੱਗ ਪੈਂਦੇ ਹਨ ਪਰ ਘਰ ਦੇ ਕਿਸੇ ਜੀਅ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਤੇ ਨਤੀਜਾ ਮਾਸੂਮ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਜੇਕਰ ਛੋਟਾ ਬੱਚਾ ਖੇਡ ਰਿਹਾ ਤਾਂ ਬੱਚੇ ਦੇ ਕੋਲ ਹੀ ਰਹੋ ਜਾਂ ਬੱਚੇ ਦੀ ਪਹੁੰਚ ਤੋਂ ਪਾਣੀ ਦਾ ਭਰਿਆ ਟੱਬ, ਬਾਲਟੀ ਆਦਿ ਦੂਰ ਰੱਖੋ। ਇਸ ਤੋਂ ਇਲਾਵਾ ਕੋਈ ਨੁਕੀਲੀਆਂ ਚੀਜ਼ਾਂ ਤੇ ਜਲਣਸ਼ੀਲ ਪਦਾਰਥ, ਕੋਈ ਦਵਾਈ ਵੀ ਬੱਚਿਆਂ ਦੇ ਕੋਲੋਂ ਦੂਰ ਰੱਖੋ।