ਅਮਰੀਕਾ 'ਚ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਯੁਵਰਾਜ ਸਿੰਘ ਵਜੋਂ ਹੋਈ ਹੈ। ਯੁਵਰਾਜ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਦਾ ਰਹਿਣ ਵਾਲਾ ਸੀ।
ਡੇਢ ਸਾਲ ਪਹਿਲਾਂ ਗਿਆ ਸੀ ਵਿਦੇਸ਼
ਯੁਵਰਾਜ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਮੌਤ ਦੀ ਖਬਰ ਮਿਲਦੇ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ, ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਯੁਵਰਾਜ ਸਿੰਘ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ। ਮ੍ਰਿਤਕ ਯੁਵਰਾਜ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਸਰਕਾਰ ਅਤੇ ਐਨਆਰਆਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੁਵਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਮਦਦ ਕਰਨ ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰ ਸਕਣ।
22 ਅਗਸਤ - ਅਮਰੀਕਾ ਦੇ ਫਲੋਰੀਡਾ 'ਚ ਸਵੀਮਿੰਗ ਪੂਲ 'ਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਸੀ । ਮ੍ਰਿਤਕਾਂ ਦੀ ਪਛਾਣ 25 ਸਾਲਾ ਅਮਨਦੀਪ ਸਿੰਘ ਅਤੇ 21 ਸਾਲਾ ਸਾਹਿਲਪ੍ਰੀਤ ਸਿੰਘ ਵਜੋਂ ਹੋਈ ਹੈ। ਅਮਨਦੀਪ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ, ਜਦਕਿ ਸਾਹਿਲ ਕਪੂਰਥਲਾ ਦੇ ਪਿੰਡ ਮਸੀਤਾ ਦਾ ਰਹਿਣ ਵਾਲਾ ਸੀ।
ਇਕੱਠੇ ਰਹਿੰਦੇ ਸਨ ਦੋਵੇਂ
ਅਮਨ ਅਤੇ ਸਾਹਿਲ ਦੋਵੇਂ ਵਰਕ ਪਰਮਿਟ 'ਤੇ ਅਮਰੀਕਾ ਗਏ ਸਨ। ਦੋਵੇਂ ਇੱਕ ਸਟੋਰ ਵਿੱਚ ਕੰਮ ਕਰਦੇ ਸਨ ਅਤੇ ਇਕੱਠੇ ਰਹਿੰਦੇ ਵੀ ਸਨ। ਦੋਵਾਂ ਦੀ ਮੰਗਲਵਾਰ ਨੂੰ ਇਕ ਕਮਿਊਨਿਟੀ ਸੈਂਟਰ ਦੇ ਸਵੀਮਿੰਗ ਪੂਲ 'ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।