ਇਸ ਵਾਰ ਸ਼ਿਵ ਭਗਤਾਂ ਨੇ ਬਾਬਾ ਬਰਫਾਨੀ ਦੇ ਅਲੌਕਿਕ ਦਰਸ਼ਨਾਂ ਲਈ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਸ਼ਨੀਵਾਰ ਤੱਕ 4.5 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਸ਼ਨੀਵਾਰ ਨੂੰ ਹੀ 7,541 ਸ਼ਰਧਾਲੂਆਂ ਨੇ ਦਰਸ਼ਨ ਕੀਤੇ।
ਪਿਛਲੇ ਸਾਲ 4.45 ਲੱਖ ਸ਼ਰਧਾਲੂਆਂ ਨੇ ਕੀਤੇ ਸਨ ਦਰਸ਼ਨ
ਅਧਿਕਾਰੀਆਂ ਨੇ ਦੱਸਿਆ ਕਿ ਬਾਬਾ ਬਰਫਾਨੀ ਦੇ ਪਵਿੱਤਰ ਗੁਫਾ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 4,51,881 ਤੱਕ ਪਹੁੰਚ ਗਈ ਹੈ। ਪਿਛਲੇ ਸਾਲ 62 ਦਿਨਾਂ ਦੀ ਯਾਤਰਾ ਦੌਰਾਨ 4.45 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਏ ਸਨ। ਉਮੀਦ ਹੈ ਕਿ ਇਸ ਵਾਰ ਸ਼ਰਧਾਲੂਆਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਜਾਵੇਗੀ।
ਤੀਰਥ ਯਾਤਰਾ ਦੌਰਾਨ 2 ਸ਼ਰਧਾਲੂਆਂ ਦੀ ਹੋਈ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਯਾਤਰਾ ਦੌਰਾਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਇੱਕ ਹਰਿਆਣਾ ਦਾ ਸੇਵਕ ਹੈ ਅਤੇ ਦੂਜਾ ਝਾਰਖੰਡ ਦਾ ਸ਼ਰਧਾਲੂ ਹੈ। ਦੋਵਾਂ ਦੀ ਮੌਤ ਜੂਨ ਵਿਚ ਬਾਲਟਾਲ ਰੋਡ 'ਤੇ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ।
52 ਦਿਨਾਂ ਤੱਕ ਚੱਲੇਗੀ ਇਹ ਯਾਤਰਾ
ਦੱਸ ਦੇਈਏ ਕਿ ਇਸ ਵਾਰ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਈ ਸੀ ਅਤੇ 19 ਅਗਸਤ ਤੱਕ ਚੱਲੇਗੀ। ਇਸ ਵਾਰ 52 ਦਿਨਾਂ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰੋਜ਼ਾਨਾ ਔਸਤਨ 8 ਤੋਂ 10 ਹਜ਼ਾਰ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਉਂਦੇ ਹਨ।