ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ 5ਵਾਂ ਦੋਸ਼ੀ ਮੁੰਬਈ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਰਫੀਕ ਚੌਧਰੀ ਵਜੋਂ ਹੋਈ ਹੈ।
ਰੇਕੀ ਕਰਨ ਵਿੱਚ ਕੀਤੀ ਮਦਦ
ਮੀਡੀਆ ਰਿਪੋਰਟਾਂ ਮੁਤਾਬਕ ਉਕਤ ਨੇ ਸਲਮਾਨ ਖਾਨ ਦੇ ਘਰ ਦੀ ਰੇਕੀ ਕਰਨ 'ਚ ਮਦਦ ਕੀਤੀ ਸੀ। ਇੰਨਾ ਹੀ ਨਹੀਂ, ਉਸ ਨੇ ਸ਼ੂਟਰ ਸਾਗਰ ਪਾਲ ਅਤੇ ਵਿੱਕੀ ਗੁਪਤਾ ਲਈ ਪੈਸੇ ਇਕੱਠੇ ਕਰਨ ਵਿੱਚ ਵੀ ਮਦਦ ਕੀਤੀ। ਕ੍ਰਾਈਮ ਬ੍ਰਾਂਚ ਦੀ ਟੀਮ ਦੋਸ਼ੀ ਨੂੰ ਮੁੰਬਈ ਲੈ ਕੇ ਆਵੇਗੀ ਅਤੇ ਹੁਣ ਅਦਾਲਤ 'ਚ ਪੇਸ਼ ਕਰੇਗੀ।
ਇਕ ਦੋਸ਼ੀ ਨੇ ਕੀਤੀ ਸੀ ਖੁਦਕੁਸ਼ੀ
ਗੋਲੀਬਾਰੀ ਕਰਨ ਵਾਲਿਆਂ ਨੂੰ ਹਥਿਆਰ ਦੇਣ ਦੇ ਦੋਸ਼ੀ ਅਨੁਜ ਥਾਪਨ ਨੇ ਮੁੰਬਈ ਪੁਲਸ ਦੀ ਹਿਰਾਸਤ 'ਚ ਖੁਦਕੁਸ਼ੀ ਕਰ ਲਈ ਸੀ। ਦੋਸ਼ੀ ਨੇ ਮੁੰਬਈ ਪੁਲਸ ਹੈੱਡਕੁਆਰਟਰ ਦੇ ਟਾਇਲਟ 'ਚ ਚਾਦਰ ਨਾਲ ਫਾਹਾ ਲੈ ਲਿਆ ਸੀ। ਅਨੁਜ ਦੀ ਖੁਦਕੁਸ਼ੀ ਦੀ ਜਾਂਚ ਰਾਜ ਦੀ ਸੀਆਈਡੀ ਨੂੰ ਸੌਂਪ ਦਿੱਤੀ ਗਈ ਹੈ।
14 ਅਪ੍ਰੈਲ ਨੂੰ ਹੋਈ ਸੀ 4 ਰਾਊਂਡ ਫਾਇਰਿੰਗ
14 ਅਪ੍ਰੈਲ ਨੂੰ ਬਾਂਦਰਾ 'ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਸਵੇਰੇ 5 ਵਜੇ ਗੋਲੀਬਾਰੀ ਕੀਤੀ ਗਈ ਸੀ। ਦੋ ਬਾਈਕ 'ਤੇ ਆਏ ਹਮਲਾਵਰਾਂ ਨੇ 4 ਰਾਊਂਡ ਫਾਇਰ ਕੀਤੇ। ਗੋਲੀਬਾਰੀ ਦੇ ਸਮੇਂ ਸਲਮਾਨ ਆਪਣੇ ਘਰ ਵਿੱਚ ਸਨ। ਕ੍ਰਾਈਮ ਬ੍ਰਾਂਚ ਦੀ ਟੀਮ ਮੁਲਜ਼ਮ ਨੂੰ ਰਾਜਸਥਾਨ ਤੋਂ ਮੁੰਬਈ ਲਿਆ ਰਹੀ ਹੈ। ਇੱਥੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਪੁਲਸ 5 ਦਿਨਾਂ ਦੀ ਰਿਮਾਂਡ ਦੀ ਮੰਗ ਕਰ ਸਕਦੀ ਹੈ। ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਗਈ ਇਹ ਪੰਜਵੀਂ ਗ੍ਰਿਫ਼ਤਾਰੀ ਹੈ।