ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਅੱਜ ਸਵੇਰੇ 5 ਵਜੇ ਗੋਲੀਬਾਰੀ ਹੋਈ। ਇਹ ਗੋਲੀਬਾਰੀ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ। ਦੋਵੇਂ ਸ਼ੂਟਰ ਬਾਈਕ 'ਤੇ ਆਏ ਤੇ ਚਾਰ ਰਾਉਂਡ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਮੁੰਬਈ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਸਮੇਂ ਗੋਲੀਬਾਰੀ ਹੋਈ ਉਸ ਸਮੇਂ ਸਲਮਾਨ ਆਪਣੇ ਘਰ 'ਚ ਸਨ।
ਸਲਮਾਨ ਦੇ ਘਰ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਮਲਾਵਰਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਕਟਰ-ਸਿੰਗਰ ਗਿੱਪੀ ਗਰੇਵਾਲ ਦੇ ਘਰ ਵੀ ਕਰਵਾਈ ਫਾਇਰਿੰਗ
ਗੈਂਗਸਟਰ ਲਾਰੇਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕਾ ਹੈ। ਹਾਲ ਹੀ 'ਚ ਲਾਰੈਂਸ ਬਿਸ਼ਨੋਈ ਨੇ ਅਦਾਕਾਰ-ਗਾਇਕ ਗਿੱਪੀ ਗਰੇਵਾਲ ਦੀ ਕੈਨੇਡਾ 'ਚ ਸਥਿਤ ਰਿਹਾਇਸ਼ 'ਤੇ ਵੀ ਹਮਲਾ ਕੀਤਾ ਸੀ। ਇਸ ਹਮਲੇ ਤੋਂ ਬਾਅਦ ਕਿਹਾ ਗਿਆ ਸੀ ਕਿ ਉਸ ਦੇ ਸਲਮਾਨ ਖਾਨ ਨਾਲ ਕਰੀਬੀ ਸਬੰਧ ਸਨ, ਇਸ ਲਈ ਇਹ ਹਮਲਾ ਕੀਤਾ ਗਿਆ।
ਪਹਿਲਾਂ ਵੀ ਮਿਲੀ ਸੀ ਧਮਕੀ
ਇਸ ਦੇ ਨਾਲ ਹੀ ਸਾਲ 2023 'ਚ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਸਲਮਾਨ ਦੇ ਦਫਤਰ ਨੂੰ ਧਮਕੀ ਭਰੀ ਈਮੇਲ ਵੀ ਭੇਜੀ ਗਈ ਸੀ। ਲਾਰੇਂਸ ਬਿਸ਼ਨੋਈ ਦੀ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਸੀ। ਫਿਲਹਾਲ ਸਲਮਾਨ ਨੂੰ Y+ ਸੁਰੱਖਿਆ ਦਿੱਤੀ ਗਈ ਹੈ।