ਥਾਈਲੈਂਡ ‘ਚ ਫੁੱਟਬਾਲ ਮੈਚ ਦੌਰਾਨ ਅਸਮਾਨੀ ਬਿਜਲੀ ਡਿੱਗੀ, 24 ਸਾਲਾ ਖਿਡਾਰੀ ਦੀ ਮੌਤ

Lightning strikes during football match in Thailand, 24 year old player dies

ਥਾਈਲੈਂਡ: ਥਾਈਲੈਂਡ ਦੇ ਨਰਾਥੀਵਾਤ ਸੂਬੇ ਦੇ ਸ਼ਾਂਤੀਪਾਪ ਸਟੇਡੀਅਮ ਵਿੱਚ ‘ਗੋਲੋਕ ਕੱਪ’ ਖੇਤਰੀ ਫੁੱਟਬਾਲ ਟੂਰਨਾਮੈਂਟ ਦੌਰਾਨ ਵੱਡਾ ਹਾਦਸਾ ਵਾਪਰਿਆ। ਮੈਚ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 24 ਸਾਲਾ ਫੁੱਟਬਾਲ ਖਿਡਾਰੀ ਸਫਵਾਨ ਆਵਾਏ ਦੀ ਮੌਤ ਹੋ ਗਈ, ਜਦਕਿ 12 ਹੋਰ ਖਿਡਾਰੀ ਬਿਜਲੀ ਦੀ ਲਪੇਟ ਵਿੱਚ ਆ ਕੇ ਝੁਲਸ ਗਏ।

ਜਾਣਕਾਰੀ ਮੁਤਾਬਕ ਮੈਚ ਦੌਰਾਨ ਅਚਾਨਕ ਤੇਜ਼ ਮੌਨਸੂਨੀ ਮੀਂਹ ਸ਼ੁਰੂ ਹੋ ਗਿਆ। ਇਸੇ ਦੌਰਾਨ ਮੈਦਾਨ ਵਿੱਚ ਖੇਡ ਰਹੇ ਖਿਡਾਰੀਆਂ ਦੇ ਨੇੜੇ ਹੀ ਅਸਮਾਨੀ ਬਿਜਲੀ ਡਿੱਗ ਪਈ। ਬਿਜਲੀ ਡਿੱਗਦੇ ਹੀ ਮੈਦਾਨ ਵਿੱਚ ਧੂੰਏਂ ਅਤੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ।

ਬਿਜਲੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸਫਵਾਨ ਆਵਾਏ ਮੈਦਾਨ ਵਿੱਚ ਹੀ ਡਿੱਗ ਪਿਆ। ਦਰਸ਼ਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਐਮਰਜੈਂਸੀ ਮੈਡੀਕਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ।

12 ਹੋਰ ਖਿਡਾਰੀ ਵੀ ਝੁਲਸੇ

ਪੁਲਿਸ ਮੁਤਾਬਕ ਇਸ ਹਾਦਸੇ ਵਿੱਚ 12 ਹੋਰ ਲੋਕ ਬਿਜਲੀ ਦੀ ਲਪੇਟ ਵਿੱਚ ਆ ਕੇ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ 22 ਸਾਲਾ ਮਲੇਸ਼ੀਅਨ ਫੁੱਟਬਾਲਰ ਅਲੀਫ ਇਜ਼ਾਹਾਨ ਜ਼ੁਲਕਿਫਲੀ ਵੀ ਸ਼ਾਮਲ ਹੈ।

ਮ੍ਰਿਤਕ ਖਿਡਾਰੀ ਸਫਵਾਨ ਆਵਾਏ ਨੇ ਹਾਲ ਹੀ ਵਿੱਚ ਥਾਈ ਲੀਗ 3 ਸਾਊਦਰਨ ਰੀਜਨ ਵਿੱਚ ਖੇਡਣ ਵਾਲੇ ਕਲੱਬ ਐੱਫਸੀ ਯਾਲਾ ਨਾਲ ਕਰਾਰ ਕੀਤਾ ਸੀ। ਹਾਦਸੇ ਤੋਂ ਬਾਅਦ ਪੂਰੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *